ਚੰਡੀਗੜ੍ਹ/ਜਲੰਧਰ (ਸ਼ਿਵ ਨਾਰਾਇਣ ਜਾਂਗੜਾ): ਪੰਜਾਬ ਦੇ ਮੰਤਰੀਆਂ ’ਚ ਕੈਪਟਨ ਅਮਰਿੰਦਰ ਸਿੰਘ ਦੇ ਦਿੱਲੀ ਜਾਣ ਦੇ ਪ੍ਰੋਗਰਾਮ ਤੇ ਬੇਚੈਨੀ ਪਾਈ ਜਾ ਰਹੀ ਹੈ। ਹੈ, ਜਿਸ ਕਾਰਨ ਪੰਜਾਬ ਮੰਤਰੀ ਮੰਡਲ ’ਚ ਫੇਰਬਦਲ ਹੋਣ ਦੀ ਫਿਰ ਤੋਂ ਘੁਸਰ-ਮੁਸਰ ਹੋਣ ਲੱਗੀ ਹੈ। ਅਜੇ ਇਸ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਹੈ ਕਿ ਕੈਪਟਨ ਕਿਸ ਕੰਮ ਸਬੰਧੀ ਦਿੱਲੀ ਜਾ ਰਹੇ ਹਨ ਪਰ ਪੰਜਾਬ ਦੇ ਮੰਤਰੀਆਂ ’ਚ ਕੈਪਟਨ ਦੇ ਦਿੱਲੀ ਜਾਣ ਕਾਰਨ ਜ਼ਰੂਰ ਬੇਚੈਨੀ ਪਾਈ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਸਰਕਾਰੀ ਕੰਮ ਸਬੰਧੀ ਵੀ ਕੇਂਦਰੀ ਮੰਤਰਾਲਿਆ ਨਾਲ ਸੰਪਰਕ ਕਰ ਸਕਦੇ ਹਨ। ਕੈਪਟਨ ਅਮਰਿੰਦਰ ਸਿੰਘ 9 ਅਗਸਤ ਨੂੰ ਦਿੱਲੀ ਜਾ ਸਕਦੇ ਹਨ। ਦਿੱਲੀ ’ਚ ਉਨ੍ਹਾਂ ਦਾ 2 ਦਿਨ ਰੁਕਣ ਦਾ ਪ੍ਰੋਗਰਾਮ ਹੈ। ਇਸ ਦੌਰਾਨ ਮੁੱਖ ਮੰਤਰੀ ਵੱਲੋਂ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਨਾਲ ਵੀ ਮੁਲਾਕਾਤ ਕੀਤੀ ਜਾ ਸਕਦੀ ਹੈ। ਪਿਛਲੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਮੰਤਰੀ ਮੰਡਲ ’ਚ ਫੇਰਬਦਲ ਕੁੱਝ ਦਿਨ ਬਾਅਦ ਹੋਵੇਗਾ।
ਕੈਪਟਨ ਅਮਰਿੰਦਰ ਸਿੰਘ ਮੰਤਰੀ ਮੰਡਲ ’ਚ ਫੇਰਬਦਲ ਕਰਨ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭਰੋਸੇ ’ਚ ਲੈਣਾ ਚਾਹੁੰਦੇ ਹਨ, ਸੋਨੀਆ ਗਾਂਧੀ ਵੱਲੋਂ ਨਵੇਂ ਮੰਤਰੀਆਂ ਦੀ ਸੂਚੀ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਹੀ ਮੰਤਰੀ ਮੰਡਲ ’ਚ ਫੇਰਬਦਲ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਦੀ ਕੋਸ਼ਿਸ਼ ਹੈ ਕਿ ਮੰਤਰੀ ਮੰਡਲ ’ਚ ਫੇਰਬਦਲ ਕਰਦੇ ਸਮੇਂ ਕੁੱਝ ਦਲਿਤ ਤੇ ਹਿੰਦੂ ਮੰਤਰੀਆਂ ਨੂੰ ਜ਼ਿਆਦਾ ਪ੍ਰਤੀਨਿਧਤਾ ਦਿੱਤੀ ਜਾਵੇ ਤੇ ਉਨ੍ਹਾਂ ਦੇ ਰੁਤਬੇ ਨੂੰ ਵਧਾਇਆ ਜਾਵੇ ਤਾਂ ਕਿ ਕਾਂਗਰਸ ਨੂੰ ਵਿਧਾਨ ਸਭਾ ਚੋਣਾਂ ’ਚ ਇਸ ਦਾ ਲਾਭ ਮਿਲ ਸਕੇ।
ਕੈਪਟਨ ਅਮਰਿੰਦਰ ਸਿੰਘ ਜਦੋਂ ਤੱਕ ਸੋਨੀਆ ਗਾਂਧੀ ਨਾਲ ਮੁਲਾਕਾਤ ਨਹੀਂ ਕਰ ਲੈਂਦੇ, ਤਦ ਤੱਕ ਕੁੱਝ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਵਿਧਾਨ ਸਭਾ ਚੋਣਾਂ ਨੇੜੇ ਆਉਣ ਕਾਰਨ ਕੈਪਟਨ ਅਮਰਿੰਦਰ ਸਿੰਘ ਜਲਦਬਾਜ਼ੀ ’ਚ ਕੋਈ ਵੀ ਕਦਮ ਨਹੀਂ ਚੁੱਕਣਾ ਚਾਹੁੰਦੇ। ਉਹ ਬਹੁਤ ਸੋਚ-ਸਮਝ ਕੇ ਹੀ ਕਦਮ ਚੁੱਕ ਰਹੇ ਹਨ।