ਪਟਨਾ ਹਾਈ ਕੋਰਟ ਨੇ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੂੰ ਰਾਹਤ ਦਿੰਦਿਆਂ ਪਿਛਲੀਆਂ ਆਮ ਚੋਣਾਂ ਦੌਰਾਨ ਉਨ੍ਹਾਂ ਖ਼ਿਲਾਫ਼ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਦਰਜ ਕੇਸ ਨੂੰ ਰੱਦ ਕਰ ਦਿੱਤਾ ਹੈ। ਸਿੱਧੂ ਨੇ 12 ਅਕਤੂਬਰ, 2020 ਨੂੰ ਕਟਿਹਾਰ ਜ਼ਿਲ੍ਹੇ ਦੀ ਐਡੀਸ਼ਨਲ ਜੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਦੇ ਇੱਕ ਹੁਕਮ ਨੂੰ ਚੁਣੌਤੀ ਦਿੰਦਿਆਂ ਹਾਈ ਕੋਰਟ ਦਾ ਰੁਖ਼ ਕੀਤਾ ਸੀ। ਹੇਠਲੀ ਅਦਾਲਤ ਨੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਬਾਰਸੋਈ ਥਾਣਾ ਵਿੱਚ ਉਨ੍ਹਾਂ ਖ਼ਿਲਾਫ਼ ਦਰਜ ਇੱਕ ਐੱਫਆਈਆਰ ਦਾ ਨੋਟਿਸ ਲਿਆ ਸੀ। ਇੱਕ ਚੋਣ ਰੈਲੀ ਵਿੱਚ ਸਿੱਧੂ ਦੇ ਭਾਸ਼ਨ ਸਬੰਧੀ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਹਾਈ ਕੋਰਟ ਦੇ ਜਸਟਿਸ ਸੰਦੀਪ ਕੁਮਾਰ ਨੇ 19 ਦਸੰਬਰ ਨੂੰ ਦਿੱਤੇ ਹੁਕਮ ਵਿੱਚ ਕਿਹਾ ਕਿ ਹੇਠਲੀ ਅਦਾਲਤ ਨੇ ‘ਮਕੈਨੀਕਲੀ’ ਹੁਕਮ ਜਾਰੀ ਕੀਤੇ ਅਤੇ ਪਟੀਸ਼ਨਕਰਤਾ ਨੂੰ ‘ਬਿਨਾਂ ਸੋਚੇ-ਸਮਝੇ’ ਸੰਮਨ ਜਾਰੀ ਕਰ ਦਿੱਤਾ। ਅਦਾਲਤ ਨੇ ਫ਼ੈਸਲੇ ਵਿੱਚ ਕਿਹਾ, ‘‘ਇਸ ਲਈ ਇਹ ਅਪੀਲ ਮਨਜ਼ੂਰ ਕੀਤੀ ਜਾਂਦੀ ਹੈ ਅਤੇ ਸਿੱਟੇ ਵਜੋਂ ਨੋਟਿਸ ਦੇ ਹੁਕਮ ਅਤੇ ਪੂਰੇ ਮਾਮਲੇ ਨੂੰ ਰੱਦ ਕੀਤਾ ਜਾਂਦਾ ਹੈ।’’