ਪਟਿਆਲਾ, 18 ਜੁਲਾਈ:
ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ ਨੇ ਜੰਗਲਾਤ ਤੇ ਬਾਗ਼ਬਾਨੀ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਜ਼ਿਲ੍ਹੇ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਮੁਤਾਬਕ ਵੱਧ ਤੋਂ ਵੱਧ ਰੁੱਖ ਲਾਉਣ ਲਈ ਕਿਹਾ।
ਇਸ ਮੌਕੇ ਵਣ ਮੰਡਲ ਅਫ਼ਸਰ ਵਿੱਦਿਆ ਸਾਗਰੀ, ਡਿਪਟੀ ਡਾਇਰੈਕਟਰ ਬਾਗਬਾਨੀ ਸੰਦੀਪ ਸਿੰਘ ਗਰੇਵਾਲ, ਵਣ ਰੇਂਜ ਅਫ਼ਸਰ ਮਨਦੀਪ ਸਿੰਘ, ਅਮਰਦੀਪ ਸਿੰਘ, ਸਵਰਨ ਸਿੰਘ, ਸੁਪਰਡੈਂਟ ਕ੍ਰਿਸ਼ਨ ਕੁਮਾਰ ਅਤੇ ਉਪ ਅਰਥ ਅਤੇ ਅੰਕੜਾ ਸਲਾਹਕਾਰ ਦੇ ਇਨਵੈਸਟੀਗੇਟਰ ਦੇ ਬਿਕਰਮਜੀਤ ਸਿੰਘ ਵੀ ਮੌਜੂਦ ਸਨ।
ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ ਨੇ ਵਣ ਵਿਭਾਗ ਤੇ ਬਾਗਬਾਨੀ ਵਿਭਾਗ ਦੀਆਂ ਚੱਲ ਰਹੀਆਂ ਸਕੀਮਾਂ ਦੀ ਵੀ ਸਮੀਖਿਆ ਕਰਦਿਆਂ ਹਦਾਇਤ ਕੀਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਮੁਤਾਬਕ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾਵੇ ਤਾਂ ਜੋ ਪੰਜਾਬ ਰਾਜ ਵਿੱਚ ਵਣ ਰਕਬੇ ਨੂੰ ਵਧਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਏ ਜਾ ਸਕਣ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਾਤਾਵਰਣ ਸਾਫ਼ ਸੁਥਰਾ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਸਾਫ਼ ਸੁਥਰਾ ਵਾਤਾਵਰਣ ਦਿੱਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਝੱਖੜ ਅਤੇ ਮੀਂਹ ਹਨੇਰੀ ਵਿੱਚ ਜ਼ਿਲ੍ਹੇ ਵਿੱਚ ਹਾਦਸਿਆਂ ਦਾ ਕਾਰਨ ਬਣ ਰਹੇ ਸੜਕਾਂ ਕਿਨਾਰੇ ਸੁੱਕੇ ਰੁੱਖਾਂ ਨੂੰ ਕੱਟਣ ਲਈ ਉਪਰਾਲੇ ਕੀਤੇ ਜਾਣ ਅਤੇ ਮੀਹ, ਝੱਖੜ ਦੌਰਾਨ ਗਿਰੇ ਰੁੱਖ ਚੁੱਕਣ ਲਈ ਨਵੀਨਤਮ ਮਸ਼ੀਨਰੀ ਦੀ ਖ਼ਰੀਦ ਕਰਨ ਦੇ ਵੀ ਉਪਰਾਲੇ ਕੀਤੇ ਜਾਣ।ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਦੁਆਰਾ ਵਣ ਵਿਭਾਗ ਦੀਆਂ ਜਮੀਨਾਂ ਦੀ ਨਿਸ਼ਾਨਦੇਹੀ ਕਰਵਾ ਕੇ ਬੁਰਜੀਆਂ ਲਗਵਾਈਆਂ ਜਾਣਗੀਆਂ ਤਾਂ ਜੋ ਵਣ ਵਿਭਾਗ ਦੀ ਜਮੀਨ ਤੇ ਕਿਸੇ ਵੀ ਕਿਸਮ ਦਾ ਕਬਜ਼ਾ ਨਾ ਹੋ ਸਕੇ।
ਇਸ ਮੌਕੇ ਵਣ ਮੰਡਲ ਅਫ਼ਸਰ ਵਿੱਦਿਆ ਸਾਗਰੀ ਨੇ ਦੱਸਿਆ ਕਿ ਸਾਲ 2024-25 ਦੌਰਾਨ ਵਣ ਵਿਭਾਗ ਦੀ ਜਗ੍ਹਾ ਸਮੇਤ ਵੱਖ-ਵੱਖ ਥਾਵਾਂ ਵਿਖੇ 15 ਲੱਖ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ ਜਿਸ ਵਿਚ ਨਿੰਮ, ਬੋਹੜ, ਪਿੱਪਲ, ਜਾਮਣ, ਟਾਹਲੀ, ਅੰਬ, ਚਾਂਦਨੀ, ਗੁਲਮੋਹਰ, ਬੋਤਲ ਬੁਰਸ਼ ਅਤੇ ਨਾਲ ਹੀ ਨਾਨਕ ਬਗੀਚੀਆਂ ਬਣਾਈਆਂ ਜਾਣਗੀਆ। ਜਿਸ ਵਿੱਚ ਫ਼ਲਦਾਰ, ਛਾਂਦਾਰ ਅਤੇ ਮੈਡੀਸਨਲ ਅਤੇ ਹਰ ਤਰ੍ਹਾਂ ਦੇ ਬੂਟੇ ਮੁਹੱਈਆ ਕਰਵਾਏ ਜਾਣਗੇ।ਇਸ ਤੋਂ ਬਿਨ੍ਹਾਂ ਐਨ.ਜੀ.ਓਜ਼ ਨੂੰ 1500 ਬੂਟੇ ਮੁਫ਼ਤ ਦੇਣ ਦਾ ਐਲਾਨ ਕੀਤਾ ਗਿਆ ਹੈ।
ਡਿਪਟੀ ਡਾਇਰੈਕਟਰ ਬਾਗਬਾਨੀ ਨੇ ਚੱਲ ਰਹੀਆਂ ਸਕੀਮਾਂ ਬਾਰੇ ਚੇਅਰਮੈਨ ਨੂੰ ਜਾਣੂ ਕਰਵਾਉਂਦਿਆਂ ਦੱਸਿਆ ਕਿ ਬਾਗਬਾਨੀ ਦੀਆਂ ਦੋ ਫ਼ਲਦਾਰ ਨਰਸਰੀਆਂ ਚੱਲ ਰਹੀਆਂ ਹਨ, ਮਾਲ ਰੋਡ, ਪਟਿਆਲਾ ਅਤੇ ਵਜੀਦਪੁਰ ਵਿੱਚੋਂ ਹਰ ਪ੍ਰਕਾਰ ਦੇ ਫ਼ਲਦਾਰ ਪੌਦੇ ਲਏ ਜਾ ਸਕਦੇ ਹਨ।ਉਨ੍ਹਾਂ ਦੱਸਿਆ ਕਿ ਪਿੰਡ ਢੀਂਗੀ ਵਿਖੇ ਬਾਗਬਾਨੀ ਵਿਭਾਗ ਨੇ ਆਪਣੀ 25 ਏਕੜ ਜਮੀਨ ਵਿੱਚ ਵੀ ਵੱਖ-ਵੱਖ ਤਰ੍ਹਾਂ ਦੇ ਫ਼ਲਦਾਰ ਪੌਦੇ ਲਗਾਏ ਹਨ।