11 ਅਕਤੂਬਰ 1902 ਨੂੰ ਬਿਹਾਰ ਦੀ ਧਰਮ, ਸੰਸਕ੍ਰਿਤ ਅਤੇ ਗਿਆਨ ਦੀ ਭੂਮੀ ਵਿੱਚ, ਗੰਗਾ ਅਤੇ ਘਾਘਰਾ ਨਦੀਆਂ ਦੇ ਸੰਗਮ ‘ਤੇ, ਸੀਤਾਬਦਿਆਰਾ ਪਿੰਡ ਵਿੱਚ ਲੋਕਤੰਤਰ ਦੇ ਚੈਂਪੀਅਨ – ਲੋਕਨਾਇਕ ਸ਼੍ਰੀ ਜੈਪ੍ਰਕਾਸ਼ ਨਾਰਾਇਣ ਜੀ ਦਾ ਜਨਮ ਹੋਇਆ ਸੀ। ਇਸ ਵਰ੍ਹੇ ਅਸੀਂ ਲੋਕਾਂ ਦੀ ਸਮੁੱਚੀ ਕ੍ਰਾਂਤੀ ਦੇ ਸ਼ਿਲਪਕਾਰ – ਲੋਕਨਾਇਕ ਸ਼੍ਰੀ ਜੈਪ੍ਰਕਾਸ਼ ਨਾਰਾਇਣ ਜੀ ਦੀ 123ਵੀਂ ਜਨਮ ਵਰ੍ਹੇਗੰਢ ਮਨਾ ਰਹੇ ਹਾਂ। ਜੇਪੀ ਵਜੋਂ ਪਿਆਰ ਨਾਲ ਯਾਦ ਕੀਤੇ ਜਾਣ ਵਾਲੇ, ਉਹ ਇੱਕ ਰਾਜਨੇਤਾ ਸਨ, ਜਿਨ੍ਹਾਂ ਨੇ ਕਦੇ ਵੀ ਆਪਣੇ ਬਾਰੇ ਨਹੀਂ ਸੋਚਿਆ, ਪਰ ਹਮੇਸ਼ਾ ਰਾਸ਼ਟਰ ਦੇ ਗਰੀਬਾਂ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ। ‘ਲੋਕਨਾਇਕ’ ਦਾ ਨਾਂਅ ਉਨ੍ਹਾਂ ਨੂੰ ਕਿਸੇ ਵੀ ਮਹਾਨ ਸ਼ਖਸੀਅਤ ਵਲੋਂ ਨਹੀਂ ਦਿੱਤਾ ਗਿਆ ਸੀ, ਬਲਕਿ ਇਹ ਉਨ੍ਹਾਂ ਨੂੰ 5 ਜੂਨ, 1974 ਨੂੰ ਪਟਨਾ ਦੇ ਗਾਂਧੀ ਮੈਦਾਨ ਵਿੱਚ ਇਕੱਠੇ ਹੋਏ ਲੱਖਾਂ ਭਾਰਤੀਆਂ ਵਲੋਂ ਪਿਆਰ ਨਾਲ ਦਿੱਤਾ ਗਿਆ ਸੀ।
ਅੱਜ ਦੇ ਦਿਨ, ਮੈਂ ਇਸ ਲੇਖ ਰਾਹੀਂ ਇਸ ਮਹਾਨ ਆਗੂ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹਾਂ, ਜੋ ਉਨ੍ਹਾਂ ਦੇ ਜੀਵਨ ਅਤੇ ਫ਼ਲਸਫ਼ੇ ਨੂੰ ਦਰਸਾਉਂਦਾ ਹੈ।
ਉਨ੍ਹਾਂ ਦੀ ਸਿਆਸੀ ਜਾਗ੍ਰਿਤੀ ਦੀ ਉਤਪਤੀ
ਲੋਕਨਾਇਕ ਦੀ ਸੀਤਾਬਦਿਆਰਾ ਤੋਂ ਸਾਦਗੀ ਭਰਪੂਰ ਸ਼ੁਰੂਆਤ ਨੇ ਉਨ੍ਹਾਂ ਨੂੰ ਜੀਵਨ ਸ਼ੈਲੀ ਅਤੇ ਗਰੀਬਾਂ ਨੂੰ ਘੇਰਨ ਵਾਲੀਆਂ ਸਮੱਸਿਆਵਾਂ ਨਾਲ ਜੁੜੇ ਰਹਿਣ ਵਿੱਚ ਮਦਦ ਕੀਤੀ। ਸੀਤਾਬਦਿਆਰਾ ਵਿਖੇ ਆਪਣੀ ਮੁੱਢਲੀ ਸਿੱਖਿਆ ਤੋਂ ਬਾਅਦ, ਉਹ ਪਟਨਾ ਵਿੱਚ ਇੱਕ ਉੱਚ ਬੁੱਧੀਜੀਵੀ ਅਤੇ ਰਾਸ਼ਟਰਵਾਦੀ ਮਾਹੌਲ ਵਿੱਚ ਸ਼ਾਮਲ ਰਹੇ ਜਿਸਨੇ ਉਨ੍ਹਾਂ ਦੇ ਅੰਦਰ ਰਾਸ਼ਟਰਵਾਦ ਦੇ ਬੀਜ ਬੀਜੇ। ਮਾਧਮਿਕ ਸਿੱਖਿਆ ਦੇ ਦਿਨਾਂ ਦੌਰਾਨ, ਭਾਰਤ ਵਿੱਚ ਬ੍ਰਿਟਿਸ਼ ਸ਼ਾਸ਼ਨ ਵਿਰੁੱਧ ਅਹਿੰਸਕ ਅਤੇ ਅਸਹਿਯੋਗ ਅੰਦੋਲਨ ਜਿਹੀਆਂ ਮੁਹਿੰਮਾਂ ਦਾ ਉਨ੍ਹਾਂ ‘ਤੇ ਡੂੰਘਾ ਪ੍ਰਭਾਵ ਪਿਆ ਅਤੇ ਉਨ੍ਹਾਂ ਨੇ ਸਾਰੀਆਂ ਐਸ਼ੋ-ਆਰਾਮ ਦੀਆਂ ਚੀਜ਼ਾਂ ਨੂੰ ਤਿਆਗ ਕੇ ਇੱਕ ਸਵਦੇਸ਼ੀ ਨੂੰ ਅਪਣਾ ਲਿਆ।
ਅਮਰੀਕਾ ਵਿੱਚ ਆਪਣੀ ਸੱਤ ਸਾਲਾਂ ਦੀ ਸਿੱਖਿਆ ਦੌਰਾਨ, ਉਹ ਮਾਰਕਸਵਾਦ ਵੱਲ ਖਿੱਚੇ ਗਏ, ਜਿਸ ਬਾਰੇ ਉਨ੍ਹਾਂ ਦਾ ਮੰਨਣਾ ਸੀ ਕਿ ਉਸ ਸਮੇਂ ਭਾਰਤ ਨੂੰ ਦਰਪੇਸ਼ ਸਾਰੀਆਂ ਸਮੱਸਿਆਵਾਂ ਦਾ ਹੱਲ ਇਸ ਵਿੱਚ ਲੁਕਿਆ ਹੈ। ਹਾਲਾਂਕਿ, ਭਾਰਤ ਵਾਪਸ ਆਉਣ ‘ਤੇ, ਮਾਰਕਸਵਾਦ ਦੇ ਫ਼ਲਸਫ਼ੇ ਨੂੰ ਭਾਰਤੀ ਦ੍ਰਿਸ਼ਟੀਕੋਣ ਅਨੁਸਾਰ ਅਨੁਕੂਲਿਤ ਕਰਨ ਦੀ ਸੰਭਾਵਨਾ ਦੀ ਪੜਚੋਲ ਕਰਨ ਤੋਂ ਬਾਅਦ, ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਲੋਕਤੰਤਰੀ ਸਮਾਜਵਾਦ ਅਤੇ ਸਰਵੋਦਿਆ ਭਾਰਤ ਦੀਆਂ ਸਮੱਸਿਆਵਾਂ ਦੇ ਹੱਲ ਸਨ। ਇਹ ਵਿਹਾਰਕ ਦ੍ਰਿਸ਼ਟੀਕੋਣ ਜੇਪੀ ਦੀ ਸਿਆਣਪ ਅਤੇ ਸਿਆਸਤ ਦੀ ਗਵਾਹੀ ਭਰਦਾ ਹੈ – ਉਨ੍ਹਾਂ ਦੇ ਜੀਵਨ ਦਾ ਇਹ ਮੋੜ ਸਪੱਸ਼ਟ ਤੌਰ ‘ਤੇ ਦਰਸਾਉਂਦਾ ਹੈ ਕਿ ਉਹ ਸਿਰਫ਼ ਵਿਚਾਰਧਾਰਾਵਾਂ ਦੇ ਪੈਰੋਕਾਰ ਨਹੀਂ ਸਨ, ਸਗੋਂ ਸਮਾਜ ਵਿੱਚ ਤਬਦੀਲੀ ਅਤੇ ਬਿਹਤਰੀ ਚਾਹੁੰਦੇ ਸਨ।
ਭੂਦਾਨ ਅੰਦੋਲਨ
1952 ਵਿੱਚ, ਉਨ੍ਹਾਂ ਨੇ ਵਿਨੋਬਾ ਭਾਵੇ ਦੇ ਭੂਦਾਨ ਅੰਦੋਲਨ ਨੂੰ ਸਰਵੋਦਿਆ ਦੇ ਦਰਸ਼ਨ ਨਾਲ ਜੋੜ ਕੇ ਭਾਰਤ ਦੀਆਂ ਸਮੱਸਿਆਵਾਂ ਦਾ ਇੱਕ ਵਿਹਾਰਕ ਹੱਲ ਸਵੀਕਾਰ ਕੀਤਾ। 1954-1973 ਦੌਰਾਨ ਉਨ੍ਹਾਂ ਦੀਆਂ ਪਹਿਲਕਦਮੀਆਂ ਜਿਵੇਂ ਕਿ ਚੰਬਲ ਦੇ ਡਾਕੂਆਂ ਦਾ ਮੁੜ ਵਸੇਬਾ ਅਤੇ ਸੰਪੂਰਨ ਅਹਿੰਸਕ ਇਨਕਲਾਬ ਨੂੰ ਦੁਨੀਆ ਭਰ ਵਿੱਚ ਪ੍ਰਵਾਨਗੀ ਅਤੇ ਮਾਨਤਾ ਦਿੱਤੀ ਗਈ ਹੈ। ਉਹ ਸਮੁੱਚੀ ਮਨੁੱਖਤਾ, ਆਮ ਤੌਰ ‘ਤੇ ਅਤੇ ਖ਼ਾਸ ਤੌਰ ‘ਤੇ ਭਾਰਤ ਲਈ ਆਜ਼ਾਦੀ, ਬਰਾਬਰੀ, ਭਾਈਚਾਰੇ ਅਤੇ ਸ਼ਾਂਤੀ ਦੇ ਟੀਚਿਆਂ ਨੂੰ ਹਾਸਲ ਕਰਨ ਲਈ ਲਗਾਤਾਰ ਯਤਨਸ਼ੀਲ ਰਹੇ।
ਤਜ਼ਰਬੇ ਰਾਹੀਂ ਕਿਰਤ ਦੀ ਕਦਰ ਨੂੰ ਸਮਝਣਾ
ਲੋਕ ਨਾਇਕ ਜੈਪ੍ਰਕਾਸ਼ ਜੀ ਦੀ ‘ਕਿਰਤ ਦੀ ਸ਼ਾਨ’ ਦੀ ਧਾਰਨਾ ਦੀ ਸਮਝ ਸਿਧਾਂਤਕ ਨਹੀਂ ਸੀ – ਇਹ ਉਨ੍ਹਾਂ ਦੇ ਆਪਣੇ ਨਿੱਜੀ ਤਜ਼ਰਬਿਆਂ ਤੋਂ ਪੈਦਾ ਹੋਈ ਸੀ। ਸੰਯੁਕਤ ਰਾਜ ਅਮਰੀਕਾ ਵਿੱਚ ਆਪਣੇ ਕਈ ਸਾਲਾਂ ਦੇ ਅਧਿਐਨ ਦੌਰਾਨ, ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਨੌਕਰੀਆਂ ਰਾਹੀਂ ਆਪਣੇ ਆਪ ਨੂੰ ਵਿੱਤੀ ਤੌਰ ‘ਤੇ ਸਮਰੱਥ ਬਣਾਉਣ ਲਈ ‘ਸਿੱਖਦੇ ਹੋਏ ਕਮਾਉਣਾ’ ਪਿਆ। ਇਨ੍ਹਾਂ ਤਜ਼ਰਬਿਆਂ ਨੇ ਉਨ੍ਹਾਂ ਨੂੰ ਮਜ਼ਦੂਰ ਵਰਗ ਨਾਲ ਸਬੰਧਤ ਮੁੱਦਿਆਂ ਬਾਰੇ ਸਮਝ ਪ੍ਰਦਾਨ ਕੀਤੀ, ਉਨ੍ਹਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਕਿ ਇਮਾਨਦਾਰ ਕਾਮੇ ਸਤਿਕਾਰ, ਢੁਕਵੀਂ ਉਜਰਤ ਅਤੇ ਕੰਮ ਕਰਨ ਦੀਆਂ ਮਨੁੱਖੀ ਸਥਿਤੀਆਂ ਦੇ ਹੱਕਦਾਰ ਹਨ। ਉਨ੍ਹਾਂ ਦੇਖਿਆ ਕਿ ਜਦੋਂ ਉਦਯੋਗਿਕ ਸਮਾਜ ਖੁਸ਼ਹਾਲੀ ਦਾ ਆਨੰਦ ਮਾਣਦਾ ਸੀ, ਉਦੋਂ ਮਜ਼ਦੂਰ ਵਰਗ ਅਕਸਰ ਗਰੀਬੀ ਵਿੱਚ ਗੁਜ਼ਾਰਾ ਕਰਦਾ ਸੀ। ਜਦੋਂ ਉਹ ਭਾਰਤ ਵਾਪਸ ਆਏ, ਤਾਂ ਉਹ ਆਪਣੇ ਨਾਲ ਇੱਕ ਦ੍ਰਿੜ ਵਿਸ਼ਵਾਸ ਲੈ ਕੇ ਆਏ ਕਿ ਇੱਕ ਨਿਆਂਪੂਰਨ ਸਮਾਜ ਦੀ ਨੀਂਹ ਮਜ਼ਦੂਰ ਵਰਗ ਦੇ ਭਲੇ ‘ਤੇ ਟਿਕੀ ਹੋਣੀ ਚਾਹੀਦੀ ਹੈ। ਅਹਿਮ ਗੱਲ ਇਹ ਹੈ ਕਿ 1947 ਵਿੱਚ, ਉਨ੍ਹਾਂ ਨੂੰ ਤਿੰਨ ਮਹੱਤਵਪੂਰਨ ਕੁੱਲ ਹਿੰਦ ਕਿਰਤ ਸੰਗਠਨਾਂ, ਭਾਵ ਆਲ-ਇੰਡੀਆ ਰੇਲਵੇਮੈਨ ਫੈਡਰੇਸ਼ਨ, ਆਲ ਇੰਡੀਆ ਪੋਸਟਮੈਨ ਅਤੇ ਟੈਲੀਗ੍ਰਾਫ ਲੋਅਰ ਗ੍ਰੇਡ ਸਟਾਫ ਯੂਨੀਅਨ ਅਤੇ ਆਲ ਇੰਡੀਆ ਆਰਡਨੈਂਸ ਫੈਕਟਰੀਜ਼ ਵਰਕਰਜ਼ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ ਸੀ।
ਬਿਹਾਰ ਦਾ ਸੋਕਾ
ਲੋਕਨਾਇਕ ਜੈਪ੍ਰਕਾਸ਼ ਜੀ ਦੀ ਯਾਤਰਾ ਆਜ਼ਾਦੀ ਦੇ ਅੰਦੋਲਨ ਨਾਲ ਹੀ ਖਤਮ ਨਹੀਂ ਹੋਈ। ਉਹ ਕਦੇ ਵੀ ਸੱਤਾ ਹਾਸਲ ਕਰਨ ਵੱਲ ਆਕਰਸ਼ਿਤ ਨਹੀਂ ਹੋਏ ਪਰ ਜਨਤਾ ਦੀ ਸੇਵਾ ਲਈ ਉਤਸੁਕ ਰਹਿੰਦੇ ਸਨ। 1960 ਦੇ ਦਹਾਕੇ ਦੌਰਾਨ, ਬਿਹਾਰ ਵਿੱਚ ਮਾਨਸੂਨ ਨਾ ਆਉਣ ਕਾਰਨ, ਸੂਬਾ ਸੋਕੇ ਦੀ ਸਥਿਤੀ ਵਿੱਚ ਸੀ। ਸ਼੍ਰੀ ਜੈਪ੍ਰਕਾਸ਼ ਜੀ ਨੇ ਆਪਣੇ ਸਾਥੀਆਂ ਅਤੇ ਭੂਦਾਨ ਅੰਦੋਲਨ ਦੇ ਹਮਾਇਤੀਆਂ ਨਾਲ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਲਈ ਰਾਹਤ ਕੰਮਾਂ ਵਿੱਚ ਆਪਣੇ ਆਪ ਨੂੰ ਸ਼ਾਮਲ ਕਰ ਲਿਆ। ‘ਬਿਹਾਰ ਰਾਹਤ ਕਮੇਟੀ’ ਦੇ ਰਾਹਤ ਕਾਰਜਾਂ ਨਾਲ ਸ਼ਮੂਲੀਅਤ ਦੌਰਾਨ, ਉਨ੍ਹਾਂ ਨੂੰ ਆਰਐੱਸਐੱਸ ਦੇ ਸਵੈਯਮ ਸੇਵਕਾਂ ਦੇ ‘ਰਾਸ਼ਟਰ ਸੇਵਾ ਦ੍ਰਿਸ਼ਟੀਕੋਣ’ ਦਾ ਪ੍ਰਤੱਖ ਤਜ਼ਰਬਾ ਹੋਇਆ ਅਤੇ ਉਹ ਇਸ ਤੋਂ ਬਹੁਤ ਪ੍ਰਭਾਵਿਤ ਹੋਏ।
ਮੇਰਾ ਨਿੱਜੀ ਤਜ਼ਰਬਾ
ਲੋਕਨਾਇਕ ਜੈਪ੍ਰਕਾਸ਼ ਜੀ ਨੂੰ ਜਦੋਂ ਜੀਵਨ ਦੇ ਹਰ ਖੇਤਰ ਵਿੱਚ ਭ੍ਰਿਸ਼ਟਾਚਾਰ ਦਾ ਸਾਹਮਣਾ ਕਰਨਾ ਪਿਆ, ਤਾਂ ਉਨ੍ਹਾਂ ਨੇ ਰਾਸ਼ਟਰ ਦੇ ਨੌਜਵਾਨਾਂ ਨੂੰ ਭਾਰਤੀ ਸਮਾਜ ਦੀ ਮੁੜ ਸੁਰਜੀਤੀ ਅਤੇ ਮੁੜ ਨਿਰਮਾਣ ਲਈ ਪ੍ਰੇਰਿਤ ਕਰਨ ਦੀ ਲੋੜ ਮਹਿਸੂਸ ਕੀਤੀ। ਜਦੋਂ ਲੋਕ ਲੋਕਤੰਤਰ ਦੀਆਂ ਸੰਸਥਾਵਾਂ ਵਿੱਚ ਭਰੋਸਾ ਗੁਆ ਰਹੇ ਸਨ, ਤਾਂ ਉਨ੍ਹਾਂ ਨੇ ਇਸ ਅੰਦੋਲਨ ਰਾਹੀਂ ਲੋਕਾਂ ਦੀ ਲੋਕਤੰਤਰ ਦੀ ਤਾਕਤ ਵਿੱਚ ਉਮੀਦ ਅਤੇ ਭਰੋਸੇ ਨੂੰ ਬਹਾਲ ਕੀਤਾ। ਉਨ੍ਹਾਂ ਨੇ 1973 ਵਿੱਚ ਵਿਨੋਬਾ ਭਾਵੇ ਦੇ ਪੌਨਰ ਆਸ਼ਰਮ ਤੋਂ ‘ਪੂਰਨ ਇਨਕਲਾਬ’ ਦਾ ਜ਼ੋਰਦਾਰ ਸੱਦਾ ਦਿੱਤਾ। ਸੰਪੂਰਨ ਕ੍ਰਾਂਤੀ ਅੰਦੋਲਨ ਦਾ ਅੰਤਮ ਟੀਚਾ ਇੱਕ ਆਦਰਸ਼ ਸਮਾਜ ਦੇ ਮਨੁੱਖੀ ਸੰਸਕਰਣ ਨੂੰ ਹਾਸਲ ਕਰਨਾ ਸੀ। ਉਸ ਸਮੇਂ ਦੀ ਸਿਆਸਤ ਵਿੱਚ ਪ੍ਰਚਲਿਤ ਭ੍ਰਿਸ਼ਟਾਚਾਰ ਵਿਰੁੱਧ ਉਨ੍ਹਾਂ ਦੀ ਨਿਰੰਤਰ ਆਵਾਜ਼ ਲੋਕਤੰਤਰ ਵਿੱਚ ਲੋਕਾਂ ਦੀ ਤਾਕਤ ਸਥਾਪਤ ਕਰਨ ਵਿੱਚ ਮਦਦਗਾਰ ਸਾਬਤ ਹੋਈ। 1977 ਵਿੱਚ ਭਾਰਤ ਵਿੱਚ ਇੱਕ ਨਵਾਂ ਪ੍ਰਬੰਧ ਸਥਾਪਤ ਕਰਨ ਲਈ ਜਨਤਾ ਨੂੰ ਪ੍ਰੇਰਿਤ ਕਰਨ ਅਤੇ ਉਨ੍ਹਾਂ ਦੇ ਗੁੱਸੇ ਨੂੰ ਦਿਸ਼ਾ ਦੇਣ ਦੀ ਉਨ੍ਹਾਂ ਦੀ ਯੋਗਤਾ ਕਮਾਲ ਦੀ ਸੀ। ਇਸ ਅੰਦੋਲਨ ਰਾਹੀਂ, ਉਨ੍ਹਾਂ ਨੇ ਦਿਖਾਇਆ ਕਿ ਲੋਕਤੰਤਰ ਲੋਕਾਂ ‘ਤੇ ਰਾਜ ਕਰਨ ਬਾਰੇ ਨਹੀਂ ਹੈ, ਸਗੋਂ ਜਨਤਾ ਦੀ ਆਵਾਜ਼ ਬਣਨ ਬਾਰੇ ਹੈ।
19 ਸਾਲ ਦੇ ਇੱਕ ਨੌਜਵਾਨ ਲੜਕੇ ਦੇ ਰੂਪ ਵਿੱਚ, ਕੋਇੰਬਟੂਰ ਦੇ ਜ਼ਿਲ੍ਹਾ ਸੰਗਠਨ ਸਕੱਤਰ ਵਜੋਂ ਸੰਪੂਰਨ ਕ੍ਰਾਂਤੀ ਅੰਦੋਲਨ ਵਿੱਚ ਯੋਗਦਾਨ ਪਾਉਣਾ ਮੇਰੇ ਲਈ ਇੱਕ ਮਾਣ-ਸਨਮਾਨ ਸੀ। ਇਸ ਪੜਾਅ ਦੌਰਾਨ, ਭਾਰਤ ਦੇ ਇਤਿਹਾਸ ਦੇ ਉਸ ਮਹੱਤਵਪੂਰਨ ਮੋੜ ‘ਤੇ, ਮੇਰੀ ਸਿੱਖਿਆ ਨੇ ਮੈਨੂੰ ਇੱਕ ਨੌਜਵਾਨ ਤੋਂ ਇੱਕ ਆਤਮਵਿਸ਼ਵਾਸੀ ਅਤੇ ਸਮਾਜਿਕ ਤੌਰ ‘ਤੇ ਜਾਗਰੂਕ ਨੇਤਾ ਵਿੱਚ ਬਦਲ ਦਿੱਤਾ। ਅੰਦੋਲਨ ਨੇ ਮੇਰੇ ਅੰਦਰ ਲੀਡਰਸ਼ਿਪ ਦੇ ਜ਼ਰੂਰੀ ਗੁਣਾਂ- ਪਰਿਪੱਕਤਾ, ਨੈਤਿਕ ਨਿਰਣਾ ਅਤੇ ਨਾਗਰਿਕ ਚੇਤਨਾ ਨੂੰ ਉਭਾਰਿਆ।
ਅੱਜ, ਜਿਵੇਂ ਕਿ ਅਸੀਂ ਆਪਣੇ ਪਿਆਰੇ ਨੇਤਾ ਸ਼੍ਰੀ ਜੈਪ੍ਰਕਾਸ਼ ਜੀ ਨੂੰ ਯਾਦ ਕਰ ਰਹੇ ਹਾਂ, ਸਾਨੂੰ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਪ੍ਰਭਾਵਤੀ ਦੇਵੀ ਦੇ ਅਟੁੱਟ ਸਾਥ ਨੂੰ ਵੀ ਸਵੀਕਾਰ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਭਾਰਤ ਵਿੱਚ ਆਜ਼ਾਦੀ ਅੰਦੋਲਨ ਲਈ ਨਿਰਸਵਾਰਥ ਤੌਰ ‘ਤੇ ਬ੍ਰਹਮਚਰਿਆ ਨੂੰ ਧਾਰਨ ਕੀਤਾ ਸੀ। ਉਨ੍ਹਾਂ ਨੇ ਗਾਂਧੀ ਜੀ ਦੇ ਆਦਰਸ਼ਾਂ ਦੀ ਨਿਰਸਵਾਰਥ ਪ੍ਰਾਪਤੀ ਲਈ ਆਪਣੀ ਊਰਜਾ ਨੂੰ ਸਮਰਪਿਤ ਕੀਤਾ।
ਜੈਪ੍ਰਕਾਸ਼ ਜੀ ਦੀ ਵਿਰਾਸਤ
1942 ਦੇ ਭਾਰਤ ਛੱਡੋ ਅੰਦੋਲਨ ਤੋਂ ਲੈ ਕੇ 1970 ਦੇ ਦਹਾਕੇ ਵਿੱਚ ਉਨ੍ਹਾਂ ਦੀ ਅਗਵਾਈ ਵਿੱਚ ਹੋਈ ਲੋਕਾਂ ਦੀ ਸੰਪੂਰਨ ਕ੍ਰਾਂਤੀ ਤੱਕ – ਇੱਕ ਨਿਰੰਤਰ ਕਾਰਕ, ਜਿਸਨੇ ਉਨ੍ਹਾਂ ਨੂੰ ਅੱਗੇ ਵਧਾਇਆ ਉਹ ਸੀ ਰਾਸ਼ਟਰ ਪ੍ਰਤੀ ਉਨ੍ਹਾਂ ਦਾ ਪਿਆਰ। ਭਾਵੇਂ ਉਨ੍ਹਾਂ ਨੂੰ ਸਰਕਾਰ ਵਿੱਚ ਆਪਣੀ ਪਸੰਦ ਦਾ ਕੋਈ ਵੀ ਅਹੁਦਾ ਪ੍ਰਾਪਤ ਕਰਨ ਦਾ ਮੌਕਾ ਮਿਲਿਆ, ਪਰ ਉਹ ਕਦੇ ਵੀ ਸੱਤਾ ਦੇ ਲਾਲਚ ਅੱਗੇ ਨਹੀਂ ਝੁਕੇ ਪਰ ਰਾਸ਼ਟਰ ਦੀ ਨਿਰਸਵਾਰਥ ਸੇਵਾ ਲਈ ਵਚਨਬੱਧ ਰਹੇ। ਗਰੀਬਾਂ ਅਤੇ ਦੱਬੇ-ਕੁਚਲੇ ਲੋਕਾਂ ਨੂੰ ਉੱਚਾ ਚੁੱਕਣ ਲਈ ਉਨ੍ਹਾਂ ਦੀ ਤਿਆਗ ਭਾਵਨਾ ਬੇਮਿਸਾਲ ਹੈ।
ਭਾਵੇਂ ਚੁਣੌਤੀਆਂ ਕਿੰਨੀਆਂ ਵੀ ਅਣਗਿਣਤ ਕਿਉਂ ਨਾ ਹੋਣ, ਲੋਕ ਨਾਇਕ ਜੈਪ੍ਰਕਾਸ਼ ਜੀ ਦਾ ਜੀਵਨ ਅਤੇ ਸਿੱਖਿਆਵਾਂ ਲੋਕਾਂ ਦੀ ਤਬਦੀਲੀ ਲਿਆਉਣ ਦੀ ਸ਼ਕਤੀ ਦਾ ਪ੍ਰਮਾਣ ਹਨ। ਉਨ੍ਹਾਂ ਦੀਆਂ ਸਿੱਖਿਆਵਾਂ ਲੋਕਤੰਤਰੀ ਕਦਰਾਂ-ਕੀਮਤਾਂ ਦੀ ਰਾਖੀ ਕਰਨ ਅਤੇ ਇੱਕ ਅਜਿਹੇ ਸਮਾਜ ਵੱਲ ਕੰਮ ਕਰਨ ‘ਤੇ ਜ਼ੋਰ ਦਿੰਦੀਆਂ ਹਨ ਜਿੱਥੇ ਬਰਾਬਰੀ, ਨਿਆਂ ਅਤੇ ਸ਼ਾਂਤੀ ਹੋਵੇ। ਉਹ ਇੱਕ ਦੂਰਦਰਸ਼ੀ ਆਗੂ ਸਨ, ਜਿਨ੍ਹਾਂ ਨੇ ਸਮਾਜਿਕ ਅਤੇ ਆਰਥਿਕ ਨਿਆਂ ਤੋਂ ਸਿਆਸੀ ਆਜ਼ਾਦੀ ਦੀ ਅਟੁੱਟਤਾ ਦਾ ਐਲਾਨ ਕੀਤਾ। ਉਨ੍ਹਾਂ ਦੀਆਂ ਸਿੱਖਿਆਵਾਂ ਨਾ ਸਿਰਫ਼ ਸਿਆਸਤਦਾਨਾਂ ਨੂੰ, ਸਗੋਂ ਹਰ ਭਾਰਤੀ ਨਾਗਰਿਕ ਨੂੰ ਪ੍ਰੇਰਿਤ ਕਰਦੀਆਂ ਹਨ ਜੋ ਲੋਕਤੰਤਰ, ਆਜ਼ਾਦੀ ਅਤੇ ਬਰਾਬਰੀ ਦੇ ਆਦਰਸ਼ਾਂ ਵਿੱਚ ਵਿਸ਼ਵਾਸ ਰੱਖਦਾ ਹੈ।
ਕ੍ਰਾਂਤੀ ਅਕਸਰ ਹਿੰਸਾ ਦਾ ਸਮਾਨਾਰਥ ਹੁੰਦੀ ਹੈ – ਪਰ ਸ਼੍ਰੀ ਜੈਪ੍ਰਕਾਸ਼ ਜੀ ਦੀ ਅਗਵਾਈ ਵਿੱਚ ਸੰਪੂਰਨ ਕ੍ਰਾਂਤੀ ਸਿਰਫ ਅਹਿੰਸਾ ‘ਤੇ ਅਧਾਰਤ ਸੀ। ਇੱਕ ਅਹਿੰਸਕ ਲੋਕ ਲਹਿਰ ਰਾਹੀਂ, ਉਹ ਇੱਕ ਅਜਿਹੇ ਭਾਰਤ ਦੀ ਨੀਂਹ ਰੱਖਣ ਦੇ ਯੋਗ ਬਣੇ ਜੋ ਪ੍ਰਣਾਲੀ ਅਤੇ ਸਮਾਜ ਦੇ ਅੰਦਰ ਮਨੁੱਖਤਾ ਅਤੇ ਨੈਤਿਕਤਾ ਦੀਆਂ ਕਦਰਾਂ-ਕੀਮਤਾਂ ‘ਤੇ ਤਰੱਕੀ ਕਰੇਗਾ।
ਜਿਵੇਂ ਕਿ ਅਸੀਂ 11 ਅਕਤੂਬਰ ਨੂੰ ਇਸ ਮਹਾਨ ਆਗੂ ਨੂੰ ਪਿਆਰ ਨਾਲ ਯਾਦ ਕਰ ਰਹੇ ਹਾਂ ਅਤੇ ਸ਼ਰਧਾਂਜਲੀ ਭੇਟ ਕਰ ਹਾਂ, ਸਾਨੂੰ ਆਪਣੇ ਆਪ ਨੂੰ ਉਸ ਲੋਕਤੰਤਰ ਦੇ ਚੌਕਸ ਰਖਵਾਲੇ ਰਹਿਣ ਦਾ ਪ੍ਰਣ ਲੈਣਾ ਚਾਹੀਦਾ ਹੈ, ਜਿਸਦੀ ਰਾਖੀ ਕਰਨ ਵਿੱਚ ਉਨ੍ਹਾਂ ਨੇ ਮਦਦ ਕੀਤੀ। ਅੱਜ ਦੇ ਦਿਨ ਸਾਡੀ ਸੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਅਸੀਂ ਆਪਣੀ ਜ਼ਮੀਰ ਨੂੰ ਜਗਾਈਏ ਅਤੇ ਨਿਰਸਵਾਰਥਤਾ, ਸੇਵਾ ਅਤੇ ਸੱਚਾਈ ਨਾਲ ਭਾਰਤ ਦੀ ਬਿਹਤਰੀ ਲਈ ਕੰਮ ਕਰੀਏ।
ਰਾਸ਼ਟਰ ਦੇ ਨਿਰਮਾਣ ਵਿੱਚ ਉਨ੍ਹਾਂ ਦੇ ਸਾਰੇ ਯੋਗਦਾਨਾਂ ਲਈ, ਉਨ੍ਹਾਂ ਨੂੰ ‘ਭਾਰਤ ਰਤਨ’ ਨਾਲ ਸਨਮਾਨਿਤ ਕੀਤਾ ਗਿਆ – ਜੋ ਕਿ ਮੇਰਾ ਮੰਨਣਾ ਹੈ ਕਿ ਇਸ ਮਹਾਨ ਵਿਅਕਤੀ ਲਈ ਬਹੁਤ ਘੱਟ ਸੀ – ਕਿਉਂਕਿ ਉਹ ਅਸਲ ਵਿੱਚ ਭਾਰਤ ਦੇ ਇੱਕ ਸੱਚੇ ਰਤਨ ਸਨ।
*
ਹਮੇਸ਼ਾ ਮਾਤ ਭੂਮੀ ਦੀ ਸੇਵਾ ਵਿੱਚ!
ਲੇਖਕ: ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ, ਭਾਰਤ ਦੇ ਉਪ-ਰਾਸ਼ਟਰਪਤੀ

