ਤੇਲਗੂ ਦੇਸ਼ਮ ਪਾਰਟੀ ਦੇ ਮੁਖੀ ਐੱਨ. ਚੰਦਰਬਾਬੂ ਨਾਇਡੂ ਆਂਧਰਾ ਪ੍ਰਦੇਸ਼ ਹੁਨਰ ਵਿਕਾਸ ਨਿਗਮ ਮਾਮਲੇ ਵਿੱਚ ਹਾਈ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲਣ ਮਗਰੋਂ ਅੱਜ ਸ਼ਾਮ ਕੇਂਦਰੀ ਜੇਲ੍ਹ ’ਚੋਂ ਬਾਹਰ ਆ ਗਏ ਹਨ। 53 ਦਿਨ ਜੇਲ੍ਹ ਵਿੱਚ ਬਤਿਾਉਣ ਤੋਂ ਬਾਅਦ ਨਾਇਡੂ ਸ਼ਾਮ 4:20 ਵਜੇ ਬਾਹਰ ਆਏ। ਬਾਹਰ ਆਉਣ ’ਤੇ ਨਾਇਡੂ ਦਾ ਉਨ੍ਹਾਂ ਦੇ ਪਰਿਵਾਰ, ਪਾਰਟੀ ਆਗੂਆਂ ਅਤੇ ਸਮਰਥਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਟੀਡੀਪੀ ਸਮਰਥਕਾਂ ਨੇ ਆਪਣੇ ਆਗੂ ਦੀ ਰਿਹਾਈ ’ਤੇ ਸੂਬੇ ਭਰ ਵਿੱਚ ਜਸ਼ਨ ਮਨਾਏ। ਇਸ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਹਾਈ ਕੋਰਟ ਨੇ ਸਿਹਤ ਦੇ ਆਧਾਰ ’ਤੇ ਟੀਡੀਪੀ ਮੁਖੀ ਨਾਇਡੂ ਨੂੰ ਚਾਰ ਹਫ਼ਤਿਆਂ ਲਈ ਅੰਤਰਿਮ ਜ਼ਮਾਨਤ ਦਿੱਤੀ ਸੀ। ਨਾਇਡੂ ਵੱਲੋਂ ਪੇਸ਼ ਹੋਏ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਲਈ ਮੋਤੀਆਬਿੰਦ ਦਾ ਅਪਰੇਸ਼ਨ ਕਰਵਾਉਣਾ ਜ਼ਰੂਰੀ ਹੈ। ਅਦਾਲਤ ਨੇ ਨਾਇਡੂ ਨੂੰ 28 ਨਵੰਬਰ ਜਾਂ ਇਸ ਤੋਂ ਪਹਿਲਾਂ ਰਾਜਮਹੇਂਦ੍ਰਵਰਮ ਸਥਤਿ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਸਾਹਮਣੇ ਆਤਮ ਸਮਰਪਣ ਕਰਨ ਦੇ ਹੁਕਮ ਦਿੱਤੇ ਹਨ।
ਅਦਾਲਤ ਨੇ ਕਿਹਾ, ‘‘ਪਟੀਸ਼ਨਕਰਤਾ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਅਦਾਲਤ ਸਿਹਤ ਦੇ ਆਧਾਰ ’ਤੇ ਪਟੀਸ਼ਨਕਰਤਾ ਨੂੰ ਅੰਤਰਿਮ ਜ਼ਮਾਨਤ ਦਿੰਦੀ ਹੈ, ਤਾਂ ਜੋ ਉਹ ਆਪਣੀ ਸੱਜੀ ਅੱਖ ਦੀ ਜ਼ਰੂਰੀ ਸਰਜਰੀ ਕਰਵਾ ਸਕੇ।’’ ਇਸ ਦੌਰਾਨ ਅਦਾਲਤ ਨੇ ਨਾਇਡੂ ਨੂੰ 1,00,000 ਰੁਪਏ ਦੀ ਜ਼ਮਾਨਤੀ ਰਕਮ ਅਤੇ ਇੰਨੀ ਹੀ ਰਕਮ ਦੇ ਦੋ ਮੁਚੱਲਕੇ ਹੇਠਲੀ ਹਦਾਲਤ ਵਿੱਚ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।