ਜਲੰਧਰ, 23 ਅਗਸਤ (ਪ੍ਰੈਸ ਕੀ ਤਾਕਤ ਬਿਊਰੋ) : ਇਸਰੋ ਨੇ ਚੰਦਰਯਾਨ-3 ਨੂੰ ਭਾਰਤ ਦੀ ਧਰਤੀ ਤੋਂ ਚੰਨ ਦੇ ਬਹੁਤ ਜ਼ਿਆਦਾ ਨੇੜੇ ਤੱਕ ਤਾਂ ਪਹੁੰਚਾ ਦਿੱਤਾ ਹੈ ਪਰ ਚੰਨ ’ਤੇ ਉਤਰਣ ਦਾ ਫ਼ੈਸਲਾ ਚੰਦਰਯਾਨ ਖ਼ੁਦ ਲਵੇਗਾ। ਇਸਰੋ ਦੇ ਵਿਗਿਆਨੀਆਂ ਅਨੁਸਾਰ ਲੈਂਡਿੰਗ ਦੀ ਪੂਰੀ ਪ੍ਰਕਿਰਿਆ ਨਿੱਜੀ ਹੋਵੇਗੀ, ਜਿਸ ’ਚ ਲੈਂਡਰ ਨੂੰ ਆਪਣੇ ਇੰਜਣ ਨੂੰ ਠੀਕ ਸਮੇਂ ਅਤੇ ਉਚਿਤ ਉਚਾਈ ’ਤੇ ਚਾਲੂ ਕਰਨਾ ਹੋਵੇਗਾ, ਉਸ ਨੂੰ ਸਹੀ ਮਾਤਰਾ ’ਚ ਈਂਧਨ ਦੀ ਵਰਤੋਂ ਕਰਨੀ ਹੋਵੇਗੀ ਅਤੇ ਅਖ਼ੀਰ ਹੇਠਾਂ ਉਤਰਣ ਤੋਂ ਪਹਿਲਾਂ ਇਹ ਪਤਾ ਲਾਉਣਾ ਹੋਵੇਗਾ ਕਿ ਕਿਸੇ ਤਰ੍ਹਾਂ ਦੀ ਰੁਕਾਵਟ ਜਾਂ ਪਹਾੜੀ ਖੇਤਰ ਜਾਂ ਖੱਡਾ ਨਾ ਹੋਵੇ। ਸਾਰੇ ਮਾਪਦੰਡਾਂ ਦੀ ਜਾਂਚ ਕਰਨ ਅਤੇ ਲੈਂਡਿੰਗ ਦਾ ਫ਼ੈਸਲਾ ਲੈਣ ਤੋਂ ਬਾਅਦ ਇਸਰੋ ਬੈਂਗਲੂਰੂ ਦੇ ਨੇੜੇ ਬਯਾਲਾਲੂ ’ਚ ਆਪਣੇ ਇੰਡੀਅਨ ਡੀਪ ਸਪੇਸ ਨੈੱਟਵਰਕ (ਆਈ. ਡੀ. ਐੱਸ. ਐੱਨ.) ਵੱਲੋਂ ਨਿਰਧਾਰਤ ਸਮੇਂ ’ਤੇ ਲੈਂਡਿੰਗ ਤੋਂ ਕੁਝ ਘੰਟੇ ਪਹਿਲਾਂ ਸਾਰੇ ਜ਼ਰੂਰੀ ਕਮਾਂਡ ਉਸ ਉੱਤੇ ਅਪਲੋਡ ਕਰ ਦੇਵੇਗਾ।
ਇਸਰੋ ਨੇ ਐਤਵਾਰ ਨੂੰ ਕਿਹਾ ਸੀ ਕਿ ਉਸ ਨੇ ਚੰਦਰਯਾਨ-3 ਮਿਸ਼ਨ ਦੇ ਲੈਂਡਰ ਮਾਡਿਊਲ ਨੂੰ ਗ੍ਰਹਿਪੰਧ ’ਚ ਥੋੜ੍ਹਾ ਹੋਰ ਹੇਠਾਂ ਸਫਲਤਾਪੂਰਵਕ ਪਹੁੰਚਾ ਦਿੱਤਾ ਹੈ। ਆਖਰੀ ਡੀਬੂਸਟਿੰਗ (ਰਫ਼ਤਾਰ ਘੱਟ ਕਰਨ ਦੀ ਪ੍ਰਕਿਰਿਆ) ਆਪ੍ਰੇਸ਼ਨ ’ਚ ਲੈਂਡਰ ਮਾਡਿਊਲ ਸਫ਼ਲਤਾਪੂਰਵਕ ਚੰਨ ਦੇ ਗ੍ਰਹਿਪੰਧ ’ਚ ਹੋਰ ਹੇਠਾਂ ਆ ਗਿਆ ਹੈ। ਮਾਡਿਊਲ ਹੁਣ ਅੰਦਰੂਨੀ ਜਾਂਚ ਪ੍ਰਕਿਰਿਆ ’ਚੋਂ ਲੰਘੇਗਾ ਅਤੇ ਨਿਰਦੇਸ਼ਿਤ ਲੈਂਡਿੰਗ ਵਾਲੀ ਥਾਂ ’ਤੇ ਪਹੁ-ਫੁੱਟਣ ਦੀ ਉਡੀਕ ਕਰੇਗਾ।
ਇਸ ਤਰ੍ਹਾਂ ਹੋਵੇਗੀ ਸਾਫਟ ਲੈਂਡਿੰਗ
ਇੰਜਣ ਬਰਨ ਲਗਭਗ 05.47 ਵਜੇ
ਸਾਰੇ ਸਿਸਟਮ ਸੁਚਾਰੂ ਪਾਏ ਜਾਣ ’ਤੇ ਲੈਂਡਰ ਮਾਡਿਊਲ ਦੇ ਚਾਰੇ ਇੰਜਣ ਬਰਨ ਕਰ ਕੇ ਇਸ ਦੀ ਰਫ਼ਤਾਰ ਨੂੰ ਤੇਜ਼ੀ ਨਾਲ ਘੱਟ ਕੀਤਾ ਜਾਵੇਗਾ।
ਬਦਲੇਗਾ ਦਿਸ਼ਾ
ਰਫ਼ਤਾਰ ਘੱਟ ਹੁੰਦੇ ਹੀ ਲੈਂਡਿੰਗ ਮਾਡਿਊਲ ਦੇ ਪੈਰ ਹੌਰੀਜ਼ੌਂਟਲ ਦਿਸ਼ਾ ਤੋਂ ਬਦਲ ਕੇ ਚੰਨ ਦੀ ਸਤ੍ਹਾ ਵੱਲ ਹੋ ਜਾਣਗੇ ਅਤੇ ਉਹ ਕੰਟਰੋਲ ਚਾਲ ਨਾਲ ਸਤ੍ਹਾ ਵੱਲ ਵਧੇਗਾ
ਲੈਂਡਿੰਗ
ਸਫਲਤਾਪੂਰਵਕ ਸਾਫਟ ਲੈਂਡਿੰਗ ਕਰਦਿਆਂ ਹੀ ਲੈਂਡਿਗ ਮਾਡਿਊਲ ‘ਵਿਕਰਮ’ ਆਪਣੇ ਸੰਚਾਰ ਉਪਕਰਣਾਂ ਨੂੰ ਐਕਟਿਵ ਕਰੇਗਾ।
ਲੈਂਡਿੰਗ ਤੋਂ ਬਾਅਦ
ਲੈਂਡਿੰਗ ਤੋਂ ਬਾਅਦ ‘ਵਿਕਰਮ’ ਦਾ ਰੈਂਪ ਖੁੱਲ੍ਹੇਗਾ ਅਤੇ ਇਸ ’ਚੋਂ ਰੋਵਰ ਪ੍ਰਗਿਆਨ ਬਾਹਰ ਆਵੇਗਾ।