ਦੇਸ਼ ਭਰ ’ਚ ਅੱਠ ਛੱਠ ਪੂਜਾ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੋਂ ਇਲਾਵਾ ਹੋਰ ਆਗੂਆਂ ਨੇ ਦੇਸ਼ ਵਾਸੀਆਂ ਨੂੰ ਅੱਜ ਛੱਠ ਪੂਜਾ ਦੀਆਂ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਐਕਸ ’ਤੇ ਪੋਸਟ ਕੀਤਾ, ‘ਛੱਠ ਪੂਜਾ ਦੌਰਾਨ ਅਰਘ ਦੇਣ ਦੀ ਸ਼ਾਮ ਨੂੰ ਤੁਹਾਡੇ ਪਰਿਵਾਰਾਂ ਦੇ ਸਾਰੇ ਮੈਂਬਰਾਂ ਨੂੰ ਮੇਰੀਆਂ ਸ਼ੁਭ ਕਾਮਨਾਵਾਂ। ਸੂਰਜ ਦੇਵ ਦੀ ਪੂਜਾ ਹਰ ਕਿਸੇ ਦੀ ਜ਼ਿੰਦਗੀ ਵਿੱਚ ਨਵੀਂ ਊਰਜਾ ਤੇ ਨਵਾਂ ਉਤਸ਼ਾਹ ਲਿਆਵੇ।’ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਕਿ ਸੂਰਜ ਦੇਵ ਦੀ ਪੂਜਾ ਨੂੰ ਸਮਰਪਿਤ ਇਹ ਤਿਉਹਾਰ ਨਦੀਆਂ, ਦਰਿਆਵਾਂ ਤੇ ਪਾਣੀਆਂ ਦੇ ਹੋਰ ਸੋਮਿਆਂ ਨੂੰ ਅਰਘ ਦੇਣ ਦਾ ਮੌਕਾ ਦਿੰਦਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਐਕਸ ’ਤੇ ਲਿਖਿਆ, ‘ਛੱਠ ਪੂਜਾ ਦੇ ਅਰਘ ਦੀ ਸ਼ਾਮ ਨੂੰ ਮੇਰੀਆਂ ਸਭ ਨੂੰ ਸ਼ੁਭ ਕਾਮਨਾਵਾਂ।’
ਉੱਧਰ ਦੇਸ਼ ਭਰ ’ਚ ਛੱਠ ਪੂਜਾ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਬਿਹਾਰ ਵਿੱਚ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸਭ ਤੋਂ ਛੱਠ ਪੂਜਾ ਦੀ ਵਧਾਈ ਦਿੰਦਿਆਂ ਸੂਰਜ ਦੇਵ ਦੀ ਪੂਜਾ ਕੀਤੀ। ਇਸੇ ਤਰ੍ਹਾਂ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ, ਸਾਬਕਾ ਮੁੱਖ ਮੰਤਰੀ ਤੇ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਤੇ ਹੋਰਾਂ ਨੇ ਪਰਿਵਾਰਾਂ ਸਮੇਤ ਛੱਠ ਪੂਜਾ ਦਾ ਤਿਉਹਾਰ ਮਨਾਇਆ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਬਸਪਾ ਮੁਖੀ ਮਾਇਆਵਤੀ ਅਤੇ ਝਾਰਖੰਡ ਵਿੱਚ ਮੁੱਖ ਮੰਤਰੀ ਹੇਮੰਤ ਸੋਰੇਨ ਤੇ ਹੋਰ ਆਗੂਆਂ ਨੇ ਛੱਠ ਪੂਜਾ ਕੀਤੀ ਤੇ ਸਭ ਨੂੰ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।