-ਬਲਾਕ ਘਨੌਰ, ਸਮਾਣਾ, ਪਾਤੜਾਂ, ਨਾਭਾ ਤੇ ਰਾਜਪੁਰਾ ਦੇ ਪਿੰਡਾਂ ਦਾ ਕੀਤਾ ਦੌਰਾ
-ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਦਿੱਤੀ ਜਾਣਕਾਰੀ
-ਕਿਸਾਨਾਂ ਨੂੰ ਸਬਸਿਡੀ ’ਤੇ ਮੁਹੱਈਆ ਕਰਵਾਇਆ ਜਾਵੇਗਾ ਕਣਕ ਦੀ ਬੀਜ : ਡਾ. ਗੁਰਨਾਮ ਸਿੰਘ
ਪਟਿਆਲਾ, 9 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)
ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਨਾਮ ਸਿੰਘ ਵੱਲੋਂ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਪਟਿਆਲਾ ਦੇ ਬਲਾਕ ਘਨੌਰ, ਸਮਾਣਾ, ਪਾਤੜਾਂ, ਨਾਭਾ ਅਤੇ ਰਾਜਪੁਰਾ ਵਿਖੇ ਪਿੰਡ ਚੱਪੜ, ਨੱਥੂ ਮਾਜਰਾ, ਦੌਣਕਲਾਂ, ਰਾਏਪੁਰ ਮੰਡਲਾਂ, ਮੰਡੋੜ, ਡਰੋਲੀ, ਦੁਗਾਲ, ਅਤਾਲਾ, ਬਖਸ਼ੀਵਾਲਾ, ਕਾਲੋਮਾਜਰਾ ਅਤੇ ਜਾਂਸਲਾ ਦਾ ਦੌਰਾ ਕੀਤਾ।
ਇਸ ਮੌਕੇ ਹਾਜ਼ਰ ਕਿਸਾਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਦਿੱਤੀਆਂ ਜਾ ਰਹੀਆਂ ਸਹੂਲਤਾਂ, ਮਸ਼ੀਨਾਂ ਅਤੇ ਹੋਰ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਅਤੇ ਅਪੀਲ ਕੀਤੀ ਕਿ ਕਿਸਾਨ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ, ਮਿੱਤਰ ਕੀੜੇ ਬਚਾਉਣ ਅਤੇ ਖਾਦਾਂ ਦੀ ਵਰਤੋਂ ਘਟਾਉਣ ਵਿਚ ਆਪਣਾ ਯੋਗਦਾਨ ਪਾਉਣ।
ਇਹਨਾਂ ਦੌਰਿਆਂ ਦੌਰਾਨ ਡਾ. ਗੁਰਨਾਮ ਸਿੰਘ ਵੱਲੋਂ ਕਿਸਾਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰ ਕੀਤੇ ਗਏ ਚੈਟਬੋਟ ਨੰਬਰ 73800-16070 ਦੀ ਵਰਤੋਂ ਕਰਦੇ ਹੋਏ ਬਲਾਕ ਪਟਿਆਲਾ ਦੇ ਕਿਸਾਨਾਂ/ਸੁਸਾਇਟੀਆਂ ਕੋਲ ਉਪਲਬੱਧ ਮਸ਼ੀਨਰੀ ਲੈ ਕੇ ਪਰਾਲੀ ਨੂੰ ਖੇਤਾਂ ਵਿਚ ਮਿਲਾਉਣ ਜਾਂ ਗੱਠਾਂ ਬਣਾਉਣ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਕਿਸਾਨਾਂ ਨੂੰ ਕਣਕ ਦੀਆਂ ਵੱਖ-ਵੱਖ ਕਿਸਮਾਂ 50% ਸਬਸਿਡੀ ਉੱਪਰ agrimachinerypb.com ਰਾਹੀਂ ਰਜਿਸਟ੍ਰੇਸ਼ਨ ਕਰਨ ਉਪਰੰਤ ਦਿੱਤੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਸਮੇਂ ਸਿਰ ਬਿਜਾਈ ਲਈ ਪੀ.ਬੀ. ਡਬਲਿਯੂ 826, 824, 725, 677, 803, 869 ਅਤੇ ਉੱਨਤ ਪੀ.ਬੀ. ਡਬਲਿਊ 343, ਪੀ.ਬੀ. ਡਬਲਿਊ ਚਪਾਤੀ 1 ਕਿਸਮਾਂ ਦੀ ਖ਼ਰੀਦ ਕੀਤੀ ਜਾਵੇ ਅਤੇ ਨਵੰਬਰ ਦੇ ਦੂਜੇ ਤੋਂ ਚੌਥੇ ਹਫ਼ਤੇ ਦੀ ਬਿਜਾਈ ਲਈ ਉੱਨਤ ਪੀ.ਬੀ. ਡਬਲਿਊ 550 ਅਤੇ ਪਿਛੇਤੀ ਬਿਜਾਈ ਲਈ ਪੀ.ਬੀ. ਡਬਲਿਊ 752, 771 ਅਤੇ 757 ਦੀ ਚੋਣ ਕੀਤੀ ਜਾ ਸਕਦੀ ਹੈ। ਉਹਨਾਂ ਦੱਸਿਆ ਕਿ ਬਰਾਨੀ ਹਾਲਤਾਂ ਵਿਚ ਕਣਕ ਦੀ ਬਿਜਾਈ ਲਈ ਕਿਸਾਨ ਪੀ.ਬੀ.ਡਬਲਿਊ 660 ਦੀ ਚੋਣ ਕਰਨ। ਇਹਨਾਂ ਦੌਰਿਆਂ ਦੌਰਾਨ ਉਹਨਾਂ ਨਾਲ ਖੇਤੀਬਾੜੀ ਵਿਸਥਾਰ ਅਫ਼ਸਰ ਡਾ. ਰਵਿੰਦਰਪਾਲ ਸਿੰਘ ਚੱਠਾ ਵੱਲੋਂ ਕਿਸਾਨਾਂ ਨੂੰ ਚੈਟਬੋਟ ਦੀ ਵਰਤੋਂ ਕਰਨ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਸ਼ੀਨਰੀ ਦੀ ਰਿਪੇਅਰ ਸਬੰਧੀ ਵੱਖ-ਵੱਖ ਕੰਪਨੀਆਂ ਦੇ ਨੋਡਲ ਅਫ਼ਸਰ ਵੀ ਲਗਾਏ ਗਏ ਹਨ ਜੋ ਕਿ ਕਿਸਾਨਾਂ ਦੀ ਮਸ਼ੀਨਰੀ ਨੂੰ ਸਮੇਂ ਸਿਰ ਠੀਕ ਕਰਨ ਲਈ ਉਪਲਬੱਧ ਰਹਿਣਗੇ।