ਅੰਮ੍ਰਿਤਸਰ, 26 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ): ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅੰਮ੍ਰਿਤਸਰ ਵਿਖੇ ਕਾਰਗਿਲ ਵਿਜੇ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੰਦਿਆਂ ਵੱਡਾ ਐਲਾਨ ਕੀਤਾ ਹੈ। ਮਾਨ ਨੇ ਜਿਥੇ ਐਕਸੀਡੈਂਟ ਕੈਜ਼ੂਅਲਿਟੀ ’ਤੇ 25 ਲੱਖ ਰੁਪਏ ਦਾ ਐਲਾਨ ਕੀਤਾ ਹੈ, ਉਥੇ ਹੀ ਜ਼ਖਮੀ ਜਵਾਨਾਂ ਦੀ ਸਹਾਇਤਾ ਰਾਸ਼ੀ ’ਚ ਵੀ ਵਾਧਾ ਕੀਤਾ ਹੈ। ਮਾਨ ਨੇ ਕਿਹਾ ਕਿ 70 ਫੀਸਦੀ ਵਿਕਲਾਂਗ ਜਵਾਨਾਂ ਲਈ ਐਕਸ ਗ੍ਰੇਸ਼ੀਆ ਰਾਸ਼ੀ 20 ਲੱਖ ਤੋਂ ਵਧਾ ਕੇ 40 ਲੱਖ ਰੁਪਏ ਕੀਤੀ ਜਾ ਰਹੀ ਹੈ। ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਪੌਣੇ 9 ਕਰੋੜ ਰੁਪਏ ਸਰਕਾਰ ਸਲਾਨਾ ਖ਼ਰਚ ਕਰੇਗੀ।
ਮਾਨ ਨੇ ਕਿਹਾ ਕਿ ਜਿਹੜੇ ਜਵਾਨ ਕਿਸੇ ਹੋਰ ਹਾਦਸੇ ’ਚ ਜ਼ਖਮੀ ਹੋ ਜਾਂਦੇ ਹਨ, ਉਨ੍ਹਾਂ ਦੇ ਪਰਿਵਾਰ ਨੂੰ 25 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੰਗ ਵਿਚ 70 ਤੋਂ 100 ਫੀਸਦੀ ਜ਼ਖਮੀ ਹੋਏ ਫੌਜੀਆਂ ਨੂੰ 20 ਲੱਖ ਦੀ ਬਜਾਏ ਹੁਣ 40 ਲੱਖ ਰੁਪਏ ਸਹਾਇਤਾ ਵਜੋਂ ਦਿੱਤੇ ਜਾਣਗੇ। ਇਸ ਤੋਂ ਇਲਾਵਾ 51 ਤੋਂ 75 ਫੀਸਦੀ ਤਕ ਜ਼ਖਮੀ ਹੋਣ ਵਾਲੇ ਫ਼ੌਜੀਆਂ ਨੂੰ 10 ਲੱਖ ਰੁਪਏ ਦੀ ਬਜਾਏ 20 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਆਜ਼ਾਦੀ ਘੁਲਾਟੀਆਂ ਦੀਆਂ ਵਿਧਵਾਵਾਂ ਨੂੰ 6000 ਦੀ ਬਜਾਏ 10000 ਰੁਪਏ ਹਰ ਮਹੀਨੇ ਪੈਨਸ਼ਨ ਦਿੱਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਜਵਾਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸ਼ਹੀਦ ਭਗਤ ਸਿੰਘ ਨੂੰ 23 ਸਾਲ ਦੀ ਉਮਰ ’ਚ ਫਾਂਸੀ ਦਿੱਤੀ ਗਈ ਸੀ ਪਰ ਅੱਜ ਵੀ ਸਾਡੇ ਦਿਲਾਂ ਵਿਚ ਜ਼ਿੰਦਾ ਹੈ। ਮਾਨ ਨੇ ਕਿਹਾ ਕਿ ਫੌਜ ਦੀ ਖਾਸੀਅਤ ਹੈ ਕਿ ਇਹ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਕਦੇ ਵੀ ਇਕੱਲਾ ਨਹੀਂ ਛੱਡਦੀ। ਹਮੇਸ਼ਾ ਉਨ੍ਹਾਂ ਦੇ ਨਾਲ ਰਹਿੰਦੀ ਹੈ। ਸੈਨਿਕ ਭਲਾਈ ਬੋਰਡ ਵੀ ਸਥਾਪਿਤ ਹੈ। ਸਾਡੇ ਕੋਲ ਬਹੁਤ ਸਾਰੇ ਵਿਭਾਗ ਹਨ ਜੋ ਦੇਸ਼ ਦੀ ਰੱਖਿਆ ਕਰਨ ਵਾਲੇ ਫੌਜੀ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਫੰਡ ਜਾਰੀ ਕਰ ਸਕਦੇ ਹਨ। ਇਸ ਦਿਨ ਟਾਈਗਰ ਹਿੱਲ ‘ਤੇ ਤਿਰੰਗਾ ਲਹਿਰਾਇਆ ਗਿਆ।
ਅੱਜ ਜੰਗੀ ਯਾਦਗਾਰ ‘ਤੇ ਜੋ ਜੋਤੀ ਜਗ ਰਹੀ ਹੈ, ਇਸ ਵਿਚ ਤੇਲ ਨਹੀਂ, ਸ਼ਹੀਦਾਂ ਦਾ ਖ਼ੂਨ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸ਼ਹੀਦਾਂ ਦੀਆਂ ਵਿਧਵਾਵਾਂ ਨੂੰ ਸਲਾਈ ਮਸ਼ੀਨਾਂ ਵੰਡਣ ਤਕ ਸੀਮਤ ਰੱਖਿਆ ਗਿਆ ਸੀ ਪਰ ਹੁਣ ਅਜਿਹਾ ਨਹੀਂ ਹੈ। ਫੌਜ ਆਪਣੇ ਸ਼ਹੀਦਾਂ ਅਤੇ ਸਾਬਕਾ ਸੈਨਿਕਾਂ ਦਾ ਬਹੁਤ ਧਿਆਨ ਰੱਖਦੀ ਹੈ, ਫੌਜ ਪਰਿਵਾਰਾਂ ਦੇ ਨਾਲ ਖੜ੍ਹਦੀ ਹੈ, ਪੰਜਾਬ ਸਰਕਾਰ ਵੀ ਫੌਜੀਆਂ ਦੇ ਪਰਿਵਾਰਾਂ ਦੇ ਨਾਲ ਖੜ੍ਹੀ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਅਗਨੀਪਥ ਸਕੀਮ ਤਹਿਤ ਚਾਰ ਸਾਲ ਬਾਅਦ ਰਿਟਾਇਰ ਕਰਨਾ ਜਾਇਜ਼ ਨਹੀਂ ਹੈ।