ਆਮ ਆਦਮੀ ਪਾਰਟੀ ਦੇ ਮੁਅੱਤਲ ਸੰਸਦ ਮੈਂਬਰ ਸੰਜੇ ਸਿੰਘ ਦਾ ਮਣੀਪੁਰ ‘ਚ ਚੱਲ ਰਹੀ ਹਿੰਸਾ ਖ਼ਿਲਾਫ਼ ਸੰਸਦ ਕੰਪਲੈਕਸ ‘ਚ ਪ੍ਰਦਰਸ਼ਨ ਚੌਥੇ ਦਿਨ ਵੀ ਜਾਰੀ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਨੂੰ ਸੰਸਦ ਭਵਨ ਕੰਪਲੈਕਸ ਪਹੁੰਚੇ ਅਤੇ ਸੰਜੇ ਸਿੰਘ ਨਾਲ ਮੁਲਾਕਾਤ ਕੀਤੀ। ਦੂਜੇ ਪਾਸੇ ਸਪਾ ਨੇਤਾ ਅਤੇ ਯੂ. ਪੀ. ਦੇ ਸਾਬਕਾ ਸੀ. ਐੱਮ. ਅਖਿਲੇਸ਼ ਯਾਦਵ ਨੇ ਵੀ ਅੱਜ ਸੰਜੇ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਆਪਣਾ ਸਮਰਥਨ ਦਿੱਤਾ।ਸੰਜੇ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ ਕਿ ਕਬੂਤਰ ਅੱਖਾਂ ਬੰਦ ਕਰ ਲਵੇ ਤਾਂ ਬਿੱਲੀ ਦਾ ਹਮਲਾ ਨਹੀਂ ਰੁਕਦਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਣੀਪੁਰ ਦੇ ਸੰਕਟ ਨੂੰ ਪਛਾਣਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਦਨ ਵਿਚ ਆ ਕੇ ਜਵਾਬ ਦਿਓ। ਅੱਖਾਂ ਬੰਦ ਕਰਨ ਨਾਲ ਕੰਮ ਨਹੀਂ ਚੱਲੇਗਾ। ਸੰਜੇ ਸਿੰਘ ਨੇ ਮਨੀਪੁਰ ਦਾ ਮੁੱਦਾ ਉਠਾਇਆ ਤਾਂ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ, ਇਹ ਅਤਿ ਨਿੰਦਣਯੋਗ ਹੈ।ਉਨ੍ਹਾਂ ਕਿਹਾ ਕਿ ਮਣੀਪੁਰ ਵਿਚ ਰਾਸ਼ਟਰਪਤੀ ਸ਼ਾਸਨ ਲੱਗਣਾ ਚਾਹੀਦਾ ਹੈ। ਰਾਸ਼ਟਰਪਤੀ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਹਾਲਾਤ ਕਿਹੋ-ਜਿਹੇ ਹਨ। ਆਪ’ ਸੰਸਦ ਮੈਂਬਰ ਭਗਵੰਤ ਮਾਨ ਦਾ ਸੰਸਦ ਕੰਪਲੈਕਸ ‘ਚ ਸਥਿਤ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਚੌਥੇ ਦਿਨ ਵੀ ਧਰਨਾ ਜਾਰੀ ਹੈ। ਮਨੀਪੁਰ ਹਿੰਸਾ ਨੂੰ ਲੈ ਕੇ ਪੀ. ਐੱਮ. ਮੋਦੀ ‘ਤੇ ਹਮਲਾ ਕਰਦੇ ਹੋਏ ਸੰਜੇ ਸਿੰਘ ਨੇ ਕਿਹਾ ਕਿ ਦੇਸ਼ ਦਾ ਇਕ ਹਿੱਸਾ ਸੜ ਰਿਹਾ ਹੈ। ਔਰਤਾਂ ਨਾਲ ਜਬਰ-ਜ਼ਿਨਾਹ ਹੋ ਰਹੇ ਹਨ। ਛੋਟੇ ਬੱਚਿਆਂ ਦਾ ਕਤਲ ਹੋ ਰਿਹਾ ਹੈ।ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੋਧੀ ਪਾਰਟੀਆਂ ਭਾਰਤ ਦੇ ਗਠਜੋੜ ਦੀ ਤੁਲਨਾ ਅੱਤਵਾਦੀ ਸੰਗਠਨ ਨਾਲ ਕਰ ਰਹੇ ਹਨ। ਬੁੱਧਵਾਰ ਨੂੰ ਪੀ. ਐੱਮ. ਮੋਦੀ ਨੇ ਕਿਹਾ ਸੀ ਕਿ ਅਸੀਂ 2024 ਵਿੱਚ ਦੋਬਾਰਾ ਸੱਤਾ ਵਿੱਚ ਆਵਾਂਗੇ। ਇਸ ਦੇ ਜਵਾਬ ‘ਚ ਸੰਜੇ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕੁਝ ਸੰਵੇਦਨਸ਼ੀਲਤਾ ਵਿਖਾਉਣੀ ਚਾਹੀਦੀ ਹੈ। ਦੇਸ਼ ਵਾਸੀ ਤੁਹਾਨੂੰ ਸਵਾਲ ਪੁੱਛ ਰਹੇ ਹਨ। ਇਸ ਮੌਕੇ ਰਾਘਵ ਚੱਢਾ, ਸੁਸ਼ੀਲ ਕੁਮਾਰ ਰਿੰਕੂ ਵੀ ਮੌਜੂਦ ਰਹੇ। ਦੱਸ ਦੇਈਏ ਕਿ ਸਪਾ ਮੁਖੀ ਅਖਿਲੇਸ਼ ਯਾਦਵ, ਐੱਨ. ਸੀ. ਮੁਖੀ ਫਾਰੂਕ ਅਬਦੁੱਲਾ ਅਤੇ ਹੋਰ ਨੇਤਾ ਵੀ ਅੱਜ ਸੰਜੇ ਸਿੰਘ ਨੂੰ ਮਿਲੇ ਹਨ।