ਚੰਡੀਗੜ੍ਹ, 25 ਜੁਲਾਈ (ਪ੍ਰੈਸ ਕਿ ਤਾਕਤ ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਯੂਨੀਵਰਸਿਟੀ ਵਿਖੇ ਬਣ ਰਹੇ ਨਵੇਂ ਹੋਸਟਲ ਦਾ ਨਿਰੀਖਣ ਕਰਨ ਲਈ ਪੁੱਜੇ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਉਹ ਯੂਨੀਵਰਸਿਟੀ ਹੈ, ਜਿਸ ਨਾਲ ਪੰਜਾਬ ਦਾ ਵਿਰਸਾ ਅਤੇ ਸੱਭਿਆਚਾਰ ਜੁੜਿਆ ਹੋਇਆ ਹੈ। ਇੱਥੇ ਪੜ੍ਹਨ ਵਾਲੀਆਂ ਕਈ ਮਹਾਨ ਹਸਤੀਆਂ ਨੇ ਸਾਡੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਇਸ ਯੂਨੀਵਰਸਿਟੀ ਤੋਂ ਪੜ੍ਹ ਕੇ ਨਿਕਲੇ ਲੋਕਾਂ ਨੇ ਵੱਖ-ਵੱਖ ਖੇਤਰਾਂ ‘ਚ ਨਾਮਣਾ ਖੱਟਿਆ ਹੈ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀ ਮੰਗ ਸੀ ਕਿ ਨਵੇਂ ਹੋਸਟਲ ਬਣਾਏ ਜਾਣ ਕਿਉਂਕਿ ਕਾਫ਼ੀ ਸਮੇਂ ਤੋਂ ਇਨ੍ਹਾਂ ਹੋਸਟਲਾਂ ਵੱਲ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਵਿਦਿਆਰਥੀਆਂ ਨੂੰ ਬਾਹਰ ਪੀ. ਜੀ. ‘ਚ ਜਾ ਕੇ ਰਹਿਣਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਪੜ੍ਹਾਈ ਦਾ ਮਾਹੌਲ ਨਹੀਂ ਮਿਲਦਾ। ਪੰਜਾਬ ਸਰਕਾਰ ਇਸ ਗੱਲ ਲਈ ਵਚਨਬੱਧ ਹੈ ਕਿ 172 ਕਾਲਜ ਪੰਜਾਬ ਯੂਨੀਵਰਸਿਟੀ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਹੋਸਟਲ ਲਈ 49 ਕਰੋੜ ਦਾ ਬਜਟ ਬਣਿਆ ਹੈ। ਕੁੜੀਆਂ ਦੇ 2 ਮੰਜ਼ਿਲਾ ਹੋਸਟਲ ਨੂੰ 7 ਮੰਜ਼ਿਲਾ ਕੀਤਾ ਜਾਵੇਗਾ, ਜੋ ਕਿ ਬਿਲਕੁਲ ਅਪਡੇਟਿਡ ਹੋਣਗੇ। ਮੁੱਖ ਮੰਤਰੀ ਨੇ ਕਿਹਾ ਕਿ ਕਮਰਿਆਂ ਦੀ ਗਿਣਤੀ ਨੂੰ ਹੋਸਟਲ ਨਹੀਂ ਕਹਿੰਦੇ, ਸਗੋਂ ਉੱਥੇ ਪੜ੍ਹਾਈ ਦਾ ਮਾਹੌਲ ਵੀ ਹੋਣਾ ਚਾਹੀਦਾ ਹੈ।
ਜਿੰਨੇ ਵਿਦਿਆਰਥੀ ਹਨ, ਉਨ੍ਹਾਂ ਨੂੰ ਬਾਥਰੂਮ ਦੀ ਸਹੂਲਤ ਵੀ ਪੂਰੇ ਤਰੀਕੇ ਨਾਲ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੁਣ ਜੋ ਮੰਜ਼ਿਲਾਂ ਬਣਾਈਆਂ ਜਾਣਗੀਆਂ, ਉੱਥੇ 4 ਕਮਰਿਆਂ ਤੋਂ ਬਾਅਦ ਇਕ ਬਾਥਰੂਮ ਹੋਵੇਗਾ। ਇੱਥੇ ਆਉਣ ਵਾਲੇ ਬੱਚਿਆਂ ਨੂੰ ਘਰ ਵਾਲਾ ਮਾਹੌਲ ਮਿਲਣਾ ਚਾਹੀਦਾ ਹੈ। ਪੰਜਾਬੀ ਯੂਨੀਵਰਸਿਟੀ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਹਰ ਮਹੀਨੇ ਅਸੀਂ 30 ਕਰੋੜ ਰੁਪਿਆ ਜਾਰੀ ਕਰ ਰਹੇ ਹਾਂ। ਪੰਜਾਬੀ ਯੂਨੀਵਰਸਿਟੀ ‘ਚ ਵੀ ਨਵੇਂ ਹੋਸਟਲ ਬਣਾਏ ਜਾਣਗੇ ਅਤੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਹਾਈ ਰੈਂਕ ‘ਤੇ ਹੀ ਰਹਿਣ।
Post Views: 43