ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਹੁਣ 586 ਨਵੀਆਂ ਅਸਾਮੀਆਂ ਲਈ ਇਸ਼ਤਿਹਾਰ ਦੇ ਰਹੀ ਹੈ। ਉਨ੍ਹਾਂ ਨਵ-ਨਿਯੁਕਤ ਪਟਵਾਰੀਆਂ ਨੂੰ ਕਿਹਾ ਕਿ ਉਹ ਆਪਣੇ ਤਜ਼ਰਬੇ ਪੰਜਾਬ ਦੇ ਹੋਰ ਲੜਕੇ-ਲੜਕੀਆਂ ਨਾਲ ਸਾਂਝੇ ਕਰਨ।
ਪੰਜਾਬ ਸਰਕਾਰ ਤੇ ਪਟਵਾਰੀਆਂ ਵਿਚਾਲੇ ਚੱਲ ਰਹੇ ਵਿਵਾਦ ਦੌਰਾਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਟੈਸਟ ਪਾਸ ਕਰ ਚੁੱਕੇ 710 ਪਟਵਾਰੀਆਂ ਨੂੰ ਫੀਲਡ ਵਿੱਚ ਉਤਾਰ ਦਿੱਤਾ ਹੈ। ਉਨ੍ਹਾਂ ਨੇ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਇਨ੍ਹਾਂ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਇਨ੍ਹਾਂ ਸਾਰੇ ਪਟਵਾਰੀਆਂ ਨੂੰ ਕੁੱਲ ਇੱਕ ਲੱਖ ਉਮੀਦਵਾਰਾਂ ਵਿੱਚੋਂ ਚੁਣਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਨਵ-ਨਿਯੁਕਤ ਪਟਵਾਰੀਆਂ ਨੂੰ ਪੰਜਾਬ ਸਰਕਾਰ ਦਾ ਹਿੱਸਾ ਬਣਨ ‘ਤੇ ਵਧਾਈ ਦਿੱਤੀ।
ਇਸ ਮੌਕੇ ਸੀਐਮ ਮਾਨ ਨੇ ਕਿਹਾ ਕਿ ਭਰਤੀਆਂ ਪਹਿਲਾਂ ਵੀ ਹੁੰਦੀਆਂ ਸੀ ਪਰ ਉਸ ਸਮੇਂ ਸਿਫ਼ਾਰਸ਼ਾਂ ਚੱਲਦੀਆਂ ਸੀ ਤੇ ਚੜ੍ਹਾਵੇ ਚੜ੍ਹਾਉਣੇ ਪੈਂਦੇ ਸੀ। ਸਾਡੀ ਸਰਕਾਰ ‘ਚ ਕਿਸੇ ਦੀਆਂ ਵੀ ਸਿਫ਼ਾਰਸ਼ਾਂ ਨਹੀਂ ਚੱਲਦੀਆਂ। ਸਾਰਿਆਂ ਨੂੰ ਮੈਰਿਟ ‘ਤੇ ਨੌਕਰੀਆਂ ਮਿਲ ਰਹੀਆਂ ਹਨ। ਤੁਸੀਂ ਸਭ ਆਪਣੀ ਮਿਹਨਤ ਕਰਕੇ ਅੱਜ ਇਸ ਮੰਜ਼ਲ ‘ਤੇ ਪਹੁੰਚੇ ਹੋ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਦਾ ਪ੍ਰੋਗਰਾਮ ਪੰਜਾਬ ਦੇ ਅਗਲੇ 30-40 ਸਾਲਾਂ ਦੀ ਨੀਂਹ ਰੱਖੇਗਾ। ਉਨ੍ਹਾਂ ਨਵ-ਨਿਯੁਕਤ ਪਟਵਾਰੀਆਂ ਨੂੰ ਇੱਕ ਹੋਰ ਖੁਸ਼ਖਬਰੀ ਦਿੰਦਿਆਂ ਕਿਹਾ ਕਿ ਹੁਣ ਉਮੀਦਵਾਰਾਂ ਨੂੰ ਸਿਖਲਾਈ ਦੌਰਾਨ 5,000 ਰੁਪਏ ਦੀ ਬਜਾਏ 18,000 ਰੁਪਏ ਪ੍ਰਤੀ ਮਹੀਨਾ ਵਿੱਤੀ ਭੱਤਾ ਮਿਲੇਗਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ MSC B-TECH ਤੇ ਹੋਰ ਡਿਗਰੀ ਧਾਰਕਾਂ ਲਈ ਪੰਜ ਹਜ਼ਾਰ ਰੁਪਏ ਦਾ ਭੱਤਾ ਨਾਂਹ ਦੇ ਬਰਾਬਰ ਹੈ। ਅਗਲੇ ਇੱਕ-ਦੋ ਦਿਨਾਂ ਵਿੱਚ ਇਹ ਭੱਤਾ ਵਧਾ ਕੇ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਜਾਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਹੁਣ 586 ਨਵੀਆਂ ਅਸਾਮੀਆਂ ਲਈ ਇਸ਼ਤਿਹਾਰ ਦੇ ਰਹੀ ਹੈ। ਉਨ੍ਹਾਂ ਨਵ-ਨਿਯੁਕਤ ਪਟਵਾਰੀਆਂ ਨੂੰ ਕਿਹਾ ਕਿ ਉਹ ਆਪਣੇ ਤਜ਼ਰਬੇ ਪੰਜਾਬ ਦੇ ਹੋਰ ਲੜਕੇ-ਲੜਕੀਆਂ ਨਾਲ ਸਾਂਝੇ ਕਰਨ। ਉਨ੍ਹਾਂ ਕਿਹਾ ਕਿ ਕਦੇ ਵੀ ਕਿਸੇ ਦੀ ਲੱਤ ਖਿੱਚਣ ਦੀ ਕੋਸ਼ਿਸ਼ ਨਾ ਕਰੋ, ਸਗੋਂ ਉਸ ਨੂੰ ਆਪਣੀਆਂ ਗਲਤੀਆਂ ਬਾਰੇ ਦੱਸੋ ਤੇ ਆਪਣੇ ਤਜ਼ਰਬੇ ਸਾਂਝੇ ਕਰਕੇ ਅੱਗੇ ਵਧੋ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਨੇ ਨਵ-ਨਿਯੁਕਤ ਮੁਲਾਜ਼ਮਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਪਰ ਸਰਕਾਰ ਕਦੇ ਨਹੀਂ ਚਾਹੁੰਦੀ ਕਿ ਉਹ ਕਲਮ ਛੱਡ ਕੇ ਹੜਤਾਲ ‘ਤੇ ਜਾਣ। ਉਨ੍ਹਾਂ ਕਿਹਾ ਕਿ ਦਿੱਲੀ ‘ਚ ‘ਆਪ’ ਸਰਕਾਰ ਨੂੰ 8 ਸਾਲ ਤੇ ਪੰਜਾਬ ‘ਚ ਡੇਢ ਸਾਲ ਦਾ ਸਮਾਂ ਹੋਇਆ ਹੈ ਪਰ ਦੋਵਾਂ ਥਾਵਾਂ ‘ਤੇ ਇੱਕ ਰੁਪਿਆ ਵੀ ਕਰਜ਼ੇ ਵਿੱਚ ਨਹੀਂ ਜਾਣ ਦਿੱਤਾ ਗਿਆ। ਜਦਕਿ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਪੰਜਾਬ ‘ਚ 90 ਫੀਸਦੀ ਬਿਜਲੀ ਦੇ ਬਿੱਲ ਜ਼ੀਰੋ ‘ਤੇ ਆ ਗਏ ਹਨ।