ਪੰਜਾਬ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਜੀ ਨੂੰ ਸ਼ਰਧਾਂਜਲੀ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਪਿੰਡ ਈਸੜੂ ਵਿਖੇ ਪੁੱਜੇ। ਮੁੱਖ ਮੰਤਰੀ ਨੇ ਉਨ੍ਹਾਂ ਦੀ ਪਤਨੀ ਚਰਨਜੀਤ ਕੌਰ ਦਾ ਸਨਮਾਨ ਕੀਤਾ। ਆਪਣੇ ਸੰਬੋਧਨ ‘ਚ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਮੁੱਖ ਮੰਤਰੀ ਮੁਗਲਾਂ ਦਾ ਸਾਥ ਦੇਣ ਵਾਲੇ ਪਰਿਵਾਰਾਂ ‘ਚੋਂ ਹਨ, ਜਿਨ੍ਹਾਂ ਨੇ ਕਦੇ ਵੀ ਸ਼ਹੀਦਾਂ ਦਾ ਸਨਮਾਨ ਨਹੀਂ ਕੀਤਾ। ਇਹ ਸਿਰਫ ਆਮ ਆਦਮੀ ਪਾਰਟੀ ਹੈ, ਜੋ ਸ਼ਹੀਦਾਂ ਦੀ ਸੋਚ ‘ਤੇ ਪਹਿਰਾ ਦੇ ਰਹੀ ਹੈ।ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਉਹ ਖ਼ੁਦ ਸ਼ਹੀਦਾਂ ਦਾ ਬਣਦਾ ਸਨਮਾਨ ਦਿੰਦੇ ਹਨ। ਉਨ੍ਹਾਂ ਨੇ ਐਲਾਨ ਕੀਤਾ ਕਿ ਜਿਨ੍ਹਾਂ ਲੋਕਾਂ ਨੇ ਕੋਰੋਨਾ ਕਾਲ ‘ਚ ਆਪਣੀ ਜਾਨ ‘ਤੇ ਖੇਡ ਸਿਹਤ ਵਿਭਾਗ ‘ਚ ਕੰਮ ਕੀਤਾ, ਉਨ੍ਹਾਂ ਨੂੰ ਸਰਕਾਰ ਹਰ ਕੀਮਤ ‘ਤੇ ਰੈਗੂਲਰ ਕਰੇਗੀ। ਪਿਛਲੀ ਸਰਕਾਰ ‘ਚ ਉਨ੍ਹਾਂ ਨੂੰ ਗੁੰਮਰਾਹ ਕੀਤਾ ਗਿਆ। ਸੂਬੇ ‘ਚ ਡਾਕਟਰਾਂ, ਨਰਸਾਂ ਅਤੇ ਹੋਰ ਸਟਾਫ਼ ਦੀ ਬਹੁਤ ਲੋੜ ਹੈ। ਸਰਕਾਰ ਕੋਰੋਨਾ ਵਾਰੀਅਰਜ਼ ਨੂੰ ਪੱਕਾ ਕਰੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਖੰਨਾ ਦਾ ਨਾਂ ਸ਼ਹੀਦ ਕਰਨੈਲ ਸਿੰਘ ਦੇ ਨਾਂ ‘ਤੇ ਰੱਖਣ ਅਤੇ ਇਸ ਨੂੰ ਜ਼ਿਲ੍ਹੇ ਦਾ ਦਰਜਾ ਦੇਣ ਦੀ ਮੰਗ ‘ਤੇ ਸਰਕਾਰ ਵਿਚਾਰ ਕਰੇਗੀ ਅਤੇ ਸ਼ਹੀਦਾਂ ਨੂੰ ਪੂਰਾ ਸਨਮਾਨ ਦਿੱਤਾ ਜਾਵੇਗਾ।ਇਸ ਨੂੰ ਲੈ ਕੇ ਖੰਨਾ ਤੋਂ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਧ ਨੇ ਵੀ ਮੁੱਖ ਮੰਤਰੀ ਨਾਲ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਕਰਨੈਲ ਸਿੰਘ ਈਸੜੂ ਜੀ ਨੂੰ ਗੋਆ ਦੀ ਆਜ਼ਾਦੀ ਲਈ ਹੋ ਰਹੇ ਸੰਘਰਸ਼ ‘ਚ ਬਹੁਤ ਅਹਿਮ ਹਿੱਸਾ ਪਾਉਣ ਲਈ ਹਰ ਸਾਲ ਇਸੇ ਦਿਨ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦੇਸ਼ ਦੇ ਕੌਮੀ ਝੰਡੇ ਨੂੰ ਆਪਣੀ ਜਾਨ ਤੋਂ ਵੀ ਜ਼ਿਆਦਾ ਅਹਿਮ ਮੰਨਿਆ ਅਤੇ ਸ਼ਹੀਦ ਹੋਣ ਵੇਲੇ ਤਿਰੰਗੇ ਨੂੰ ਜ਼ਮੀਨ ‘ਤੇ ਡਿੱਗਣ ਤੋਂ ਬਚਾਉਣ ਲਈ ਹਿੱਕ ‘ਚ ਗੋਲੀਆਂ ਖਾ ਗਏ।