ਚੰਡੀਗੜ੍ਹ, 2 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)
ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਸਿਰ ਚੜ੍ਹੇ ਕਰਜ਼ੇ ਦੇ ਮੁੱਦੇ ’ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਭਲਕੇ ਲਿਖਤੀ ਜਵਾਬ ਭੇਜਣਗੇ। ਰਾਜਪਾਲ ਨੇ ਪਿਛਲੇ ਦਿਨਾਂ ਵਿਚ ਦਿਹਾਤੀ ਵਿਕਾਸ ਫ਼ੰਡ ਬਾਰੇ ਮੁੱਖ ਮੰਤਰੀ ਦੇ ਪੱਤਰ ਦਾ ਜਵਾਬ ਦਿੰਦਿਆਂ ਪੰਜਾਬ ਸਰਕਾਰ ਵੱਲੋਂ ਚੁੱਕੇ 50 ਹਜ਼ਾਰ ਕਰੋੜ ਦੇ ਕਰਜ਼ੇ ਦੇ ਵੇਰਵੇ ਮੰਗੇ ਸਨ। ਮੁੱਖ ਮੰਤਰੀ ਵੱਲੋਂ ਪੱਤਰ ਵਿਚ ਪੰਜਾਹ ਹਜ਼ਾਰ ਕਰੋੜ ਦੇ ਕਰਜ਼ੇ ਦਾ ਸਾਰਾ ਲੇਖਾ ਜੋਖਾ ਪੇਸ਼ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਮੁੱਖ ਮੰਤਰੀ ਕਰਜ਼ੇ ਦੇ ਵੇਰਵੇ ਦੇਣ ਤੋਂ ਇਲਾਵਾ ਭਲਕੇ ਪੱਤਰ ਲਿਖ ਕੇ ਕੋਈ ਹੋਰ ਸਿਆਸੀ ਮੁੱਦਾ ਵੀ ਛੇੜ ਸਕਦੇ ਹਨ। ਪੰਜਾਬ ਸਰਕਾਰ ਹੁਣ ਰਾਜਪਾਲ ਦੇ ਕਿਸੇ ਪੱਤਰ ਦਾ ਜਵਾਬ ਦੇਣ ਤੋਂ ਪਾਸਾ ਨਹੀਂ ਵੱਟਣਾ ਚਾਹੁੰਦੀ ਹੈ ਕਿਉਂਕਿ ਸੁਪਰੀਮ ਕੋਰਟ ਨੇ ਪਹਿਲਾਂ ਹੀ ਕਿਹਾ ਹੈ ਕਿ ਰਾਜਪਾਲ ਵੱਲੋਂ ਮੰਗੀ ਜਾਂਦੀ ਸੂਚਨਾ ਸੂਬਾ ਸਰਕਾਰ ਮੁਹੱਈਆ ਕਰਾਏ। ਮੁੱਖ ਮੰਤਰੀ ਨੇ ਅੱਜ ਪਟਿਆਲਾ ਵਿਚ ਵੀ ਕਿਹਾ ਕਿ ਉਹ ਰਾਜਪਾਲ ਨੂੰ ਕਰਜ਼ੇ ਬਾਰੇ ਮੰਗਲਵਾਰ ਨੂੰ ਜਵਾਬ ਭੇਜਣਗੇ। ਇਸ ਤੋਂ ਪਹਿਲਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 25 ਸਤੰਬਰ ਨੂੰ ਬਕਾਇਦਾ ਪ੍ਰੈੱਸ ਕਾਨਫ਼ਰੰਸ ਕਰਜ਼ੇ ਦੇ ਵੇਰਵੇ ਤਫ਼ਸੀਲ ਵਿਚ ਦਿੱਤੇ ਸਨ। ਉਨ੍ਹਾਂ ਇਹ ਵੀ ਦੱਸਿਆ ਸੀ ਕਿ ਇਸ ਕਰਜ਼ੇ ’ਚੋਂ 10,208 ਕਰੋੜ ਰੁਪਏ ਪੂੰਜੀਗਤ ਖ਼ਰਚੇ ’ਤੇ ਲਾਏ ਗਏ ਹਨ ਤੇ ਇਵੇਂ ਪੰਜਾਬ ਰਾਜ ਸਹਿਕਾਰੀ ਖੇਤੀ ਵਿਕਾਸ ਬੈਂਕ ਅਤੇ ਪਨਸਪ ਦੇ 1148 ਕਰੋੜ ਦੇ ਕਰਜ਼ੇ ਨੂੰ ਵੀ ਸਹਿਣ ਕੀਤਾ ਗਿਆ ਹੈ। ਪਿਛਲੀਆਂ ਸਰਕਾਰਾਂ ਦੇ ਬਿਜਲੀ ਸਬਸਿਡੀ ਵਜੋਂ 2556 ਕਰੋੜ ਦੇ ਬਕਾਏ ਨੂੰ ਵੀ ਤਾਰਿਆ ਗਿਆ ਹੈ।