ਪਟਿਆਲਾ (ਪ੍ਰੈਸ ਕੀ ਤਾਕਤ ਬਿਊਰੋ) ਪਿਛਲੇ ਦਿਨੀ ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ ਵਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜਲੰਧਰ ਵਿਖੇ ਆਨ-ਲਾਈਨ/ਆਫ-ਲਾਈਨ ਮੋਡ ਵਿਚ ਕਰਵਾਏ ਗਏ ਪੰਜਾਬ ਸਟੇਟ ਅੰਤਰ ਯੂਨੀਵਰਸਿਟੀ ਯੂਥ ਫੈਸਟੀਵਲ ਅਤੇ ਭਾਰਤ ਸਰਕਾਰ ਦੇ ਯੁਵਕ ਸੇਵਾਵਾਂ ਅਤੇ ਖੇਡ ਵਿਭਾਗ ਵਲੋਂ ਕਰਵਾਏ ਗਏ ਆਨ-ਲਾਈਨ ਨੈਸ਼ਨਲ ਯੁਵਕ ਮੇਲੇ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿਦਿਆਰਥੀਆਂ ਨੇ ਸ਼ਲਾਘਾਯੋਗ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਸਥਾਨ ਹਾਸਿਲ ਕੀਤੇ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਸ਼੍ਰੀਮਤੀ ਰਵਨੀਤ ਕੌਰ ਨੇ ਜੇਤੂ ਵਿਦਿਆਰਥੀਆਂ ਨਾਲ ਮੁਲਾਕਾਤ ਕਰਦਿਆਂ ਉਹਨਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਵਿਦਿਆਰਥੀਆਂ ਨਾਲ ਯੂਨੀਵਰਸਿਟੀ ਦਾ ਨਾਮ ਰੋਸ਼ਨ ਹੁੰਦਾ ਹੈ। ਇਹ ਗੱਲ ਹੋਰ ਵੀ ਸਲਾਹੁਣਯੋਗ ਹੈ ਕਿ ਵਿਦਿਆਰਥੀਆਂ ਨੇ ਆਨਲਾਈਨ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਤੇ ਚੰਗੀਆਂ ਪੁਜ਼ੀਸ਼ਨਾਂ ਹਾਸਿਲ ਕੀਤੀਆਂ। ਯੁਵਕ ਭਲਾਈ ਵਿਭਾਗ ਇਸ ਗੱਲੋਂ ਵਧਾਈ ਦਾ ਪਾਤਰ ਹੈ। ਇਸ ਸਬੰਧੀ ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਗੁੁਰਸੇਵਕ ਲੰਬੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਕਾਲ ਦੇ ਬਾਵਜੂਦ ਜਿੱਥੇ ਪੂਰੀ ਦੁਨੀਆਂ ਵਿਚ ਸਹਿਮ ਦਾ ਮਾਹੌਲ ਹੈ ਉੱਥੇ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸਿਰਜਣਾ ਨਾਲ ਜੁੜਦਿਆਂ ਸਾਨੂੰ ਇੱਕ ਸਾਕਾਰਾਤਮਕ ਸੁਨੇਹਾ ਦਿੱਤਾ ਹੈ ਸੀਮਿਤ ਸਾਧਨਾਂ ਦੇ ਬਾਵਜੂਦ ਤੁਸੀਂ ਚਾਹੋਂ ਤਾਂ ਕੁਝ ਚੰਗਾ ਕਰ ਸਕਦੇ ਹੋ। ਉਕਤ ਦੋਨੋਂ ਸਟੇਟ ਅਤੇ ਨੈਸ਼ਨਲ ਯੁਵਕ ਮੇਲਿਆਂ ਵਿਚ ਵਿਦਿਆਰਥੀਆਂ ਨੇ ਖੂਬਸੂਰਤ ਪ੍ਰਦਰਸ਼ਨ ਕੀਤਾ ਜਿਸ ਵਿਚ ਸਿਮਰਨਜੋਤ ਸਿੰਘ ਨੇ ਕਲਾਸੀਕਲ ਇੰਸਟਰੂਮੈਂਟ ਸੋਲੋ (ਪ੍ਰਕਸ਼ਨ) ਵਿਚ ਪਹਿਲਾ ਸਥਾਨ, ਦੀਪਕ ਸ਼ਰਮਾ ਅਤੇ ਗੁਰਵੀਨਗੀਤ ਕੌਰ ਨੇ ਡੀਬੇਟ ਵਿਚ ਪਹਿਲਾ ਸਥਾਨ, ਪਰਦੀਪ ਸਿੰਘ ਨੇ ਯੋਗਾ ਵਿਚ ਪਹਿਲਾ ਸਥਾਨ, ਗੁੰਜਨ ਚੰਨਾ ਨੇ ਕਲਾਸੀਕਲ ਇੰਸਟਰੂਮੈਂਟ ਸੋਲੋ (ਨਾਨ ਪ੍ਰਕਸ਼ਨ) ਵਿਚ ਦੂਜਾ ਸਥਾਨ, ਕ੍ਰਿਤੀਕਾ ਠਾਕੁਰ ਨੇ ਫਿਲਮੀ ਟੈਂਪ੍ਰੇਰੀ ਡਾਂਸ (ਸੋਲੋ) ਵਿਚ ਦੂਜਾ ਸਥਾਨ, ਗੁਰਵਿੰਦਰ ਸਿੰਘ ਨੇ ਫੋਟੋਗ੍ਰਾਫੀ ਵਿਚ ਦੂਜਾ ਸਥਾਨ, ਅਮਨਦੀਪ ਸਿੰਘ ਅਤੇ ਰਮਨਦੀਪ ਕੌਰ ਨੇ ਰਿਵਾਇਤੀ ਪਹਿਰਾਵੇ ਵਿਚ ਦੂਜਾ ਸਥਾਨ, ਗੁਰਵੀਨਗੀਤ ਕੌਰ ਨੇ ਐਲੋਕਿਊਸ਼ਨ ਵਿਚ ਦੂਜਾ ਸਥਾਨ ਅਤੇ ਇੰਦਰਦੀਪ ਸਿੰਘ, ਗੁਰਪ੍ਰੀਤ ਸਿੰਘ, ਮਨਜਿੰਦਰਜੀਤ ਸਿੰਘ, ਸੰਦੀਪ ਸਿੰਘ, ਕਮਲਜੀਤ ਸਿੰਘ, ਅਰਸ਼ਦੀਪ, ਦਿਲਸ਼ਾਦ ਅਖਤਰ ਅਤੇ ਕੁਲਦੀਪ ਸਿੰਘ ਨੇ ਭੰਗੜੇ ਵਿਚ ਤੀਜਾ ਸਥਾਨ, ਕਰਨਬੀਰ ਸਿੰਘ ਔਜਲਾ ਨੇ ਡੀਬੇਟ ਵਿਚ ਤੀਜਾ ਸਥਾਨ, ਜਤਿੰਦਰ ਸਿੰਘ ਨੇ ਸਟੈਂਡ ਅੱਪ ਕਾਮੇਡੀ ਵਿਚ ਤੀਜਾ ਸਥਾਨ, ਸਚਿਨ ਖਹਿਰਾ ਅਤੇ ਸਰਗਮ ਨੇ ਆਧੁਨਿਕ ਪਹਿਰਾਵੇ ਵਿਚ ਤੀਜਾ ਸਥਾਨ ਹਾਸਿਲ ਕੀਤਾ। ਇਹਨਾਂ ਸਾਰੇ ਵਿਦਿਆਰਥੀਆਂ ਨੇ ਨੈਸ਼ਨਲ ਯੁਵਕ ਮੇਲੇ ਵਿਚ ਭਾਗ ਲਿਆ ਜਿਸ ਵਿਚ ਗੁਰਵੀਨਗੀਤ ਕੌਰ ਅਤੇ ਦੀਪਕ ਸ਼ਰਮਾ ਨੇ ਡੀਬੇਟ ਵਿਚ ਭਾਰਤ ਭਰ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ। ਇਸ ਸਮੇਂ ਡਾ. ਪੁਸ਼ਪਿੰਦਰ ਗਿੱਲ, ਡੀਨ, ਅਕਾਦਮਿਕ ਮਾਮਲੇ, ਡਾ. ਗੁਰਦੀਪ ਸਿੰਘ ਬੱਤਰਾ, ਡੀਨ, ਰਿਸਰਚ, ਡਾ. ਰਾਕੇਸ਼ ਕੁਮਾਰ, ਵਿੱਤ ਅਫ਼ਸਰ ਸਮੇਤ ਯੁਵਕ ਭਲਾਈ ਵਿਭਾਗ ਦੇ ਕਰਮਚਾਰੀ ਡਾ. ਹਰਿੰਦਰ ਹੁੰਦਲ, ਸ਼੍ਰੀਮਤੀ ਸ਼ਮਸ਼ੇਰ ਕੌਰ, ਵਿਜੇ ਯਮਲਾ, ਪਰਦੀਪ ਸਿੰਘ ਅਤੇ ਗੁਰਮੀਤ ਸਿੰਘ ਹਾਜ਼ਰ ਸਨ।