ਜੈਪੁਰ, 21 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਾਂਗਰਸ ਭ੍ਰਿਸ਼ਟਾਚਾਰ, ਪਰਿਵਾਰਵਾਦ ਤੇ ਤੁਸ਼ਟੀਕਰਨ ਦੀ ਮਿਸਾਲ ਹੈ ਅਤੇ ਇਹ ਤਿੰਨੋਂ ਬੁਰਾਈਆਂ ਭਾਰਤ ਨੂੰ ਵਿਕਸਿਤ ਮੁਲਕ ਬਣਨ ਤੋਂ ਰੋਕ ਰਹੀਆਂ ਹਨ। ਰਾਜਸਥਾਨ ਦੇ ਬਾਰਨ ਜ਼ਿਲ੍ਹੇ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਆਗੂ ਆਪਮੁਹਾਰੇ ਹੋ ਚੁੱਕੇ ਹਨ ਤੇ ਇਸ ਦਾ ਖਮਿਆਜ਼ਾ ਸੂਬੇ ਦੇ ਲੋਕ ਭੁਗਤ ਰਹੇ ਹਨ ਕਿਉਂਕਿ ਹਾਕਮ ਪਾਰਟੀ ਨੇ ਉਨ੍ਹਾਂ ਨੂੰ ਲੁਟੇਰਿਆਂ, ਦੰਗਾਈਆਂ ਤੇ ਅਪਰਾਧੀਆਂ ਹਵਾਲੇ ਕਰ ਦਿੱਤਾ ਹੈ। ੲਿਸੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਸ਼ਾਮ ਸਮੇਂ ਸਖਤ ਸੁਰੱਖਿਆ ਪ੍ਰਬੰਧਾਂ ਦੌਰਾਨ ਰੋਡ ਸ਼ੋਅ ਵੀ ਕੱਢਿਆ।
ਉਨ੍ਹਾਂ ਕਿਹਾ, ‘ਜਦੋਂ ਤੱਕ ਦੇਸ਼ ਦੇ ਤਿੰਨ ਦੁਸ਼ਮਣ ਭ੍ਰਿਸ਼ਟਾਚਾਰ, ਪਰਿਵਾਰਵਾਦ ਤੇ ਤੁਸ਼ਟੀਕਰਨ ਸਾਡੇ ਵਿਚਾਲੇ ਹਨ, ਉਦੋਂ ਤੱਕ ਭਾਰਤ ਨੂੰ ਇੱਕ ਵਿਕਸਿਤ ਮੁਲਕ ਬਣਾਉਣ ਦਾ ਟੀਚਾ ਹਾਸਲ ਨਹੀਂ ਕੀਤਾ ਜਾ ਸਕਦਾ। ਕਾਂਗਰਸ ਇਨ੍ਹਾਂ ਤਿੰਨਾਂ ਬੁਰਾਈਆਂ ਦੀ ਸਭ ਤੋਂ ਵੱਡੀ ਮਿਸਾਲ ਹੈ।’ ਉਨ੍ਹਾਂ ਕਿਹਾ, ‘ਅੱਜ ਰਾਜਸਥਾਨ ਦੇ ਬੱਚੇ ਵੀ ਕਹਿ ਰਹੇ ਹਨ ਕਿ ਗਹਿਲੋਤ ਜੀ, ਤੁਹਾਨੂੰ ਵੋਟਾਂ ਨਹੀਂ ਮਿਲਣਗੀਆਂ।’ ਬਾਰਨ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਕੋਟਾ ਤੇ ਕਰੌਲੀ ਜ਼ਿਲ੍ਹਿਆਂ ’ਚ ਵੀ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਰਾਜਸਥਾਨ ’ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਕਾਂਗਰਸ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਮੰਤਰੀ ਉਨ੍ਹਾਂ ਨਾਲ ਖੜ੍ਹੇ ਹਨ ਜੋ ਮਾਵਾਂ ਤੇ ਭੈਣਾਂ ਖ਼ਿਲਾਫ਼ ਅਪਰਾਧ ਕਰ ਰਹੇ ਹਨ। ਮੋਦੀ ਨੇ ਕਿਹਾ ਕਿ ਭਾਜਪਾ ਦੀ ਤਰਜੀਹ ਮਹਿਲਾਵਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸ਼ਹਿ ਹੋਣ ਕਾਰਨ ਸੂਬੇ ’ਚ ਸਮਾਜ ਵਿਰੋਧੀ ਤਾਕਤਾਂ ਦਾ ਹੌਸਲਾ ਬੁਲੰਦ ਹੈ। ਉਨ੍ਹਾਂ ਕੋਟਾ ’ਚ ਰੈਲੀ ਦੌਰਾਨ ਕਿਹਾ ਕਿ ਕਾਂਗਰਸ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਕਿਹਾ, ‘ਜਾਦੂਗਰ ਕੋਈ ਵੀ ਕਾਲਾ ਜਾਦੂ ਕਰ ਸਕਦਾ ਹੈ ਪਰ ਇਹ ਰਾਜਸਥਾਨ ਦੇ ਲੋਕਾਂ ’ਤੇ ਕੰਮ ਨਹੀਂ ਕਰੇਗਾ। 3 ਦਸੰਬਰ ਨੂੰ ਕਾਂਗਰਸ ਗਾਇਬ ਹੋ ਜਾਵੇਗੀ।’
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਯੋਧਿਆਂ ਦੀ ਧਰਤੀ ਰਾਜਸਥਾਨ ਨੂੰ ਦੰਗਾਈਆਂ ਦਾ ਇਲਾਕਾ ਬਣਾ ਕੇ ਰੱਖ ਦਿੱਤਾ ਹੈ ਅਤੇ ਸਮਾਜ ਦਾ ਹਰ ਵਰਗ ਕਾਂਗਰਸ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ ਦੇ ਲੋਕਾਂ ਨੇ ਕਾਂਗਰਸ ਦੇ ਕਾਰਜਕਾਲ ’ਚ ਸਿਰਫ਼ ਉਜਾੜਾ ਦੇਖਿਆ ਹੈ ਅਤੇ ਉਹ ਹੁਣ ਗੁੱਸੇ ’ਚ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਰਾਜਸਥਾਨ ਨੂੰ ਮੁੜ ‘ਬਿਮਾਰੂ’ ਰਾਜ ਬਣਾਉਣਾ ਚਾਹੁੰਦੀ ਹੈ ਤੇ ਇਸ ਦੇ ਆਗੂ ਆਪਣੀਆਂ ਤਿਜੋਰੀਆਂ ਭਰ ਰਹੇ ਹਨ ਤੇ ਲੋਕਾਂ ਨੂੰ ਭੁੱਲ ਚੁੱਕੇ ਹਨ। -ਪੀਟੀਆਈ
ਭਾਜਪਾ ਸਰਕਾਰ ਫਿਰਕੂ ਦੰਗੇ ਨਹੀਂ ਹੋਣ ਦੇਵੇਗੀ: ਸ਼ਾਹ
ਜੈਪੁਰ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਾਂਗਰਸ ਪਾਰਟੀ ਤੇ ਰਾਜਸਥਾਨ ਦੀ ਗਹਿਲੋਤ ਸਰਕਾਰ ’ਦੇ ਪੱਛੜੇ ਵਰਗ ਵਿਰੋਧੀ ਹੋਣ ਦਾ ਦੋਸ਼ ਲਾਇਆ। ਉਨ੍ਹਾਂ ਰਾਜਸਥਾਨ ’ਚ ਹਰ ਪਾਸੇ ਫਿਰਕੂ ਦੰਗੇ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਸੂਬੇ ’ਚ ਭਾਜਪਾ ਸਰਕਾਰ ਆਉਣ ’ਤੇ ਉਹ ਫਿਰਕੂ ਦੰਗੇ ਨਹੀਂ ਹੋਣ ਦੇਵੇਗੀ। ਅਲਵਰ ਜ਼ਿਲ੍ਹੇ ਦੇ ਖੈਰਥਲ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸੀਨੀਅਰ ਭਾਜਪਾ ਆਗੂ ਨੇ ਕਿਹਾ ਕਿ ਕਾਂਗਰਸ ਰਾਜਸਥਾਨ ’ਚ ਵੋਟ ਬੈਂਕ ਲਈ ਸਿਆਸਤ ਕਰ ਰਹੀ ਹੈ। ਉਨ੍ਹਾਂ ਕਿਹਾ, ‘ਕਾਂਗਰਸ ਪਾਰਟੀ ਤੇ ਗਹਿਲੋਤ ਸਰਕਾਰ ਵੀ ਪੱਛੜੇ ਵਰਗ ਦੀ ਵਿਰੋਧੀ ਸਰਕਾਰ ਹੈ। ਇੰਨੇ ਸਾਲ ਮੰਡਲ ਕਮਿਸ਼ਨ ਦੀ ਰਿਪੋਰਟ ਦਾ ਵਿਰੋਧ ਕਾਂਗਰਸ ਪਾਰਟੀ ਨੇ ਕੀਤਾ ਅਤੇ ਇੰਨੇ ਸਾਲ ਤੱਕ ਕਾਂਗਰਸ ਪਾਰਟੀ ਨੇ ਪੱਛੜਾ ਵਰਗ ਕਮਿਸ਼ਨ ਨੂੰ ਸੰਵਿਧਾਨਕ ਮਾਨਤਾ ਨਹੀਂ ਦਿੱਤੀ।’ ਸ਼ਾਹ ਨੇ ਅੱਗੇ ਕਿਹਾ, ‘ਮੋਦੀ ਜੀ ਨੇ ਪੱਛੜਾ ਵਰਗ ਕਮਿਸ਼ਨ ਨੂੰ ਸੰਵਿਧਾਨਕ ਮਾਨਤਾ ਦਿੱਤੀ। ਕੇਂਦਰ ਦੇ ਸਾਰੇ ਸਿੱਖਿਆ ਪ੍ਰਬੰਧ ਵਿੱਚ ਨਰਿੰਦਰ ਮੋਦੀ ਸਰਕਾਰ ਨੇ ਹਰ ਥਾਂ ’ਤੇ ਪੱਛੜੇ ਵਰਗ ਨੂੰ 27 ਫੀਸਦ ਰਾਖਵਾਂਕਰਨ ਦੇਣ ਦਾ ਕੰਮ ਕੀਤਾ। ਅੱਜ ਸਰਕਾਰ ’ਚ 27 ਫੀਸਦ ਮੰਤਰੀ ਪੱਛੜੇ ਵਰਗ ਨਾਲ ਸਬੰਧਤ ਹਨ ਤੇ ਮੋਦੀ ਜੀ ਨੇ ਪੱਛੜੇ ਵਰਗ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਹੈ।’ ਸ਼ਾਹ ਨੇ ਕਿਹਾ, ‘ਸੂਬੇ ਵਿੱਚ ਤੁਸ਼ਟੀਕਰਨ ਦੀ ਸਿਆਸਤ ਸਿਖਰ ’ਤੇ ਹੈ। ਦਰਜ਼ੀ ਕਨ੍ਹੱਈਆ ਲਾਲ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ, ਹਿੰਦੂ ਤਿਉਹਾਰਾਂ ਸਮੇਂ ਧਾਰਾ 144 ਲਾਈ ਜਾ ਰਹੀ ਹੈ, ਰਾਮ ਦਰਬਾਰ ’ਤੇ ਬੁਲਡੋਜ਼ਰ ਚੱਲ ਰਹੇ ਹਨ ਤੇ ਸਾਰੇ ਪਾਸੇ ਫਿਰਕੂ ਦੰਗੇ ਹੋ ਰਹੇ ਹਨ। ਭਾਜਪਾ ਸਰਕਾਰ ਫਿਰਕੂ ਦੰਗੇ ਨਹੀਂ ਹੋਣ ਦੇਵੇਗੀ।’ ਉਨ੍ਹਾਂ ਲੋਕਾਂ ਨੂੰ ਭਾਜਪਾ ਦੀ ਡਬਲ ਇੰਜਣ ਸਰਕਾਰ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਭਰੋਸਾ ਜਤਾਇਆ ਕਿ ਉਹ ਰਾਜਸਥਾਨ ਨੂੰ ਦੰਗਾ ਮੁਕਤ ਰਾਜ ਬਣਾਉਣਗੇ। ਸ਼ਾਹ ਨੇ ਕਿਹਾ ਕਿ ਲਾਲ ਡਾਇਰੀ ਵਿੱਚ ਇਨ੍ਹਾਂ ਦੇ ਭ੍ਰਿਸ਼ਟਾਚਾਰ ਦੇ ਸਾਰੇ ਕਾਰਨਾਮੇ ਹਨ। -ਪੀਟੀਆਈ