ਕਾਂਗਰਸ ਨੇ ਮਨੀਪੁਰ ਹਿੰਸਾ ਦੇ ਮਾਮਲੇ ’ਤੇ ਲੋਕ ਸਭਾ ‘ਚ ਮੋਦੀ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਪੇਸ਼ ਕੀਤਾ। ਇਸ ਦੌਰਾਨ ਸਪੀਕਰ ਓਮ ਬਿਰਲਾ ਨੇ ਇਸ ਮਤੇ ’ਚ ਚਰਚਾ ਨੂੰ ਪ੍ਰਵਾਨਗੀ ਦੇ ਦਿੱਤੀ। ਸਭਾ ‘ਚ ਪਾਰਟੀ ਦੇ ਵ੍ਹਿਪ ਮਨਿਕਮ ਟੈਗੋਰ ਨੇ ਦੱਸਿਆ ਕਿ ਬੇਭਰੋਸਗੀ ਮਤਾ ਸਦਨ ’ਚ ਪਾਰਟੀ ਦੇ ਉਪ ਨੇਤਾ ਗੌਰਵ ਗੋਗੋਈ ਨੇ ਪੇਸ਼ ਕੀਤਾ। ਟੈਗੋਰ ਨੇ ਕਿਹਾ, ‘ਇਹ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਦਾ ਵਿਚਾਰ ਹੈ। ਸਾਡਾ ਮੰਨਣਾ ਹੈ ਕਿ ਸਰਕਾਰ ਦੇ ਹੰਕਾਰ ਨੂੰ ਤੋੜਨ ਅਤੇ ਮਨੀਪੁਰ ਦੇ ਮੁੱਦੇ ‘ਤੇ ਬੋਲਣ ਲਈ ਮਜਬੂਰ ਕਰਨ ਲਈ ਆਖਰੀ ਹਥਿਆਰ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।’ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲੋਕ ਸਭਾ ਸਪੀਕਰ ਦੇ ਦਫ਼ਤਰ ਨੂੰ ਨੋਟਿਸ ਦੇ ਦਿੱਤਾ ਗਿਆ ਹੈ। ਸ੍ਰੀ ਗੋਗੋਈ ਅਸਾਮ ਦੇ ਰਹਿਣ ਵਾਲੇ ਹਨ ਅਤੇ ਲੋਕ ਸਭਾ ਵਿੱਚ ਕਾਲੀਆਬੋਰ ਸੰਸਦੀ ਹਲਕੇ ਦੀ ਨੁਮਾਇੰਦਗੀ ਕਰਦੇ ਹਨ।