ਬਾਲਿਆਂਵਾਲੀ,12 ਅਗਸਤ (ਪ੍ਰੈਸ ਕੀ ਤਾਕਤ ਬਿਉਰੋ): ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਗਰਲਜ਼) ਬਾਲਿਆਂਵਾਲੀ ਦੀਆਂ 3 ਕੁੜੀਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਨਾਲ ਇਲਾਕੇ ਅੰਦਰ ਸਨਸਨੀ ਫੈਲ ਗਈ। ਇਸ ਦੌਰਾਨ ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਦੀ ਵੱਡੀ ਲਾਪਰਵਾਹੀ ਵੀ ਸਾਹਮਣੇ ਆਈ ਹੈ ਕਿਉਂਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਉਲਟ ਕੋਰੋਨਾ ਪਾਜ਼ੇਟਿਵ ਪਾਏ ਜਾਣ ਵਾਲੀਆਂ ਵਿਦਿਆਰਥਣਾਂ ਦੀਆਂ ਜਮਾਤਾਂ ਦੇ ਬਾਕੀ ਬੱਚਿਆਂ ਦਾ ਕੋਰੋਨਾ ਟੈਸਟ ਕੀਤਾ ਹੀ ਨਹੀਂ ਗਿਆ।
ਸਿਹਤ ਵਿਭਾਗ ਦੀ ਟੀਮ ਵਲੋਂ ਸਕੂਲੀ ਅਧਿਆਪਕਾਂ ਨੂੰ ਉਕਤ ਜਮਾਤਾਂ ਦੇ ਸਾਰੇ ਬੱਚਿਆਂ ਦਾ ਟੈਸਟ ਕਰਵਾਉਣ ਲਈ ਕਿਹਾ ਗਿਆ ਸੀ ਪਰ ਉਹ ਗੱਲ ਨੂੰ ਸਮਝ ਨਾ ਸਕੇ ਅਤੇ ਸਾਰੇ ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ। ਉਕਤ ਜਮਾਤਾਂ ਦੀਆਂ ਵਿਦਿਆਰਥਣਾਂ ਨੂੰ ਆਪਣੇ ਨੇੜਲੇ ਸਿਹਤ ਕੇਂਦਰ ਵਿਚ ਟੈਸਟ ਕਰਵਾਉਣ ਦੀ ਹਦਾਇਤ ਭੇਜੀ ਗਈ ਹੈ।
ਸਕੂਲ ਦੀ ਪ੍ਰਿੰਸੀਪਲ ਮਨਿੰਦਰ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਦੇ ਕਹਿਣ ’ਤੇ ਹੀ ਬੱਚਿਆਂ ਨੂੰ ਘਰ ਭੇਜਿਆ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਟੀਮ ਕੋਲ ਟੈਸਟ ਕਰਨ ਲਈ ਸਿਰਫ਼ 50 ਕਿੱਟਾਂ ਹੀ ਸਨ ਅਤੇ ਦੁਬਾਰਾ ਟੈਸਟ ਕਰਨ ਲਈ ਉਨ੍ਹਾਂ ਪਾਸ ਕਿੱਟਾਂ ਹੀ ਨਹੀਂ ਬਚੀਆਂ ਸਨ। ਉਨ੍ਹਾਂ ਦੱਸਿਆ ਕਿ ਸਿਹਤ ਅਧਿਕਾਰੀਆਂ ਦੇ ਕਹਿਣ `ਤੇ ਪਾਜ਼ੇਟਿਵ ਪਾਏ ਗਏ 3 ਬੱਚਿਆਂ ਦੇ ਮਾਪਿਆਂ ਨੂੰ ਸੱਦ ਕੇ ਘਰ ਭੇਜ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਇਕ ਜਮਾਤ ਦੇ 2 ਜਾਂ ਵੱਧ ਬੱਚੇ ਪਾਜ਼ੇਟਿਵ ਪਾਏ ਜਾਣ ਵਾਲੇ ਸਕੂਲ ਨੂੰ 14 ਦਿਨਾਂ ਲਈ ਬੰਦ ਕਰਨ ਦਾ ਆਦੇਸ਼ ਹੈ। ਉਕਤ ਸਕੂਲ ਨੂੰ 14 ਦਿਨਾਂ ਲਈ ਬੰਦ ਕਰਨ ਸਬੰਧੀ ਲੈਟਰ ਭੇਜਿਆ ਜਾ ਚੁੱਕਾ ਹੈ।