‘ਦੁਕਾਨ ਮਾਲਕ ਵੀ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ’
ਬਰਨਾਲਾ,(ਰਾਕੇਸ਼ ਗੋਇਲ/ਰਾਹੁਲ ਬਾਲੀ):-ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਆਖਿਆ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅਤੇ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਬਰਨਾਲਾ ਅੰਦਰ ਕਰਫਿਊ ਜਾਰੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ, ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਦੀ ਹਦੂਦ ਅੰਦਰ ਸਾਰੀਆਂ ਸ਼੍ਰੇਣੀਆਂ ਦੀਆਂ ਦੁਕਾਨਾਂ ਕਰਫਿਊ ਦੌਰਾਨ ਪੂਰਾ ਹਫਤਾ (ਸੋਮਵਾਰ ਤੋਂ ਐਤਵਾਰ) ਸਵੇਰੇ 07.00 ਵਜੇ ਤੋਂ ਸ਼ਾਮ 06.00 ਵਜੇ ਤੱਕ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਗਈ ਹੈ, ਪਰ ਸਬੰਧਤ ਦੁਕਾਨਦਾਰ ਅਤੇ ਗਾਹਕ ਜ਼ਰੂਰੀ ਇਹਤਿਆਤਾਂ ਦੀ ਪਾਲਣਾ ਜ਼ਰੂਰ ਕਰਨ।
ਉਨ੍ਹਾਂ ਦੱਸਿਆ ਕਿ ਇਹ ਪ੍ਰਵਾਨਗੀ ਕੰਟੇਨਮੈਂਟ ਜ਼ੋਨਾਂ ’ਤੇ ਲਾਗੂ ਨਹੀਂ ਹੋਵੇਗੀ। ਸਾਰੇ ਮਾਲਜ਼, ਹੋਟਲ, ਕਲੱਬ, ਅਹਾਤੇ, ਜਿਮ, ਸਵੀਮਿੰਗ ਪੂਲਜ਼, ਹਜਾਮਤ ਦੁਕਾਨਾਂ, ਸਪਾ ਸੋਪਸ਼, ਬਿਊਟੀ ਸੈਲੂਨ, ਥੀਏਟਰ, ਐਂਟਰਟੇਨਮੈਂਟ ਪਾਰਕ, ਹਾਸਪੀਟੈਲਿਟੀ ਸੇਵਾਵਾਂ, ਖੇਡ ਕੰਪਲੈਕਸ, ਬਾਰ ਆਦਿ ਇਸ ਸਮੇਂ ਦੌਰਾਨ ਪਹਿਲਾਂ ਦੀ ਤਰ੍ਹਾਂ ਬੰਦ ਹੀ ਰਹਿਣਗੇ। ਇਸ ਤੋਂ ਇਲਾਵਾ ਰੈਸਟੋਰੈਂਟ, ਮਠਿਆਈ ਦੀਆਂ ਦੁਕਾਨਾਂ/ਬੇਕਰੀ ਆਦਿ ਤੋਂ ਗਾਹਕਾਂ ਨੂੰ ਖਾਣ-ਪੀਣ ਵਾਲੀਆਂ ਵਾਸਤੂਆਂ ਸਿਰਫ ਪੈਕ ਕਰਕੇ ਹੀ ਦਿੱਤੀਆਂ ਜਾ ਸਕਣਗੀਆਂ। ਇਨ੍ਹਾਂ ਦੁਕਾਨਾਂ ਅੰਦਰ ਬੈਠ ਕੇ ਖਾਣ-ਪੀਣ ’ਤੇ ਮਨਾਹੀ ਹੋਵੇਗੀ।ਪ੍ਰਵਾਨਿਤ ਦੁਕਾਨਾਂ ਤੋਂ ਵਸਤੂਆਂ ਦੀ ਹੋਮ ਡਲਿਵਰੀ ਸਵੇਰੇ 10:00 ਵਜੇ ਤੋਂ ਲੈ ਕੇ ਸ਼ਾਮ 05:00 ਵਜੇ ਤੱਕ ਕੀਤੀ ਜਾ ਸਕੇਗੀ। ਦੁੱਧ/ਦੁੱਧ ਪਦਾਰਥਾਂ ਦੀ ਸਪਲਾਈ ਦੋਧੀਆਂ ਵੱਲੋਂ ਘਰ—ਘਰ ਜਾ ਕੇ ਸਵੇਰੇ 05:00 ਵਜੇ ਤੋਂ ਕੀਤੀ ਸਕੇਗੀ ਸਬਜ਼ੀ ਅਤੇ ਫਲਾਂ ਦੀ ਸਪਲਾਈ ਪਹਿਲਾਂ ਦੀ ਤਰਾਂ ਘਰ—ਘਰ ਜਾ ਕੇ ਕੀਤੀ ਸਕੇਗੀ।
ਉਨ੍ਹਾਂ ਕਿਹਾ ਕਿ ਪ੍ਰਵਾਨਿਤ ਦੁਕਾਨਾਂ ਸਿਰਫ 50 ਫੀਸਦੀ ਸਟਾਫ ਸਮੇਤ ਖੋਲ੍ਹੀਆਂ ਜਾਣ। ਦੁਕਾਨਦਾਰ ਜ਼ਰੂਰੀ ਸਾਵਧਾਨੀਆਂ ਯਕੀਨੀ ਬਣਾਉਣ ਅਤੇ ਗਾਹਕ ਵੀ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦਾ ਖਿਆਲ ਰੱਖਣ। ਬਰਨਾਲਾ ਸ਼ਹਿਰ ਵਿੱਚ ਆਮ ਜਨਤਾ ਵੱਲੋਂ ਖਰੀਦਦਾਰੀ ਲਈ ਆਉਣ-ਜਾਣ ਲਈ ਸਿਰਫ 2 ਪਹੀਆ ਵਾਹਨ ਦੀ ਵਰਤੋਂ ਕੀਤੀ ਜਾ ਸਕੇਗੀ ਅਤੇ 4 ਪਹੀਆਂ ਵਾਹਨ ’ਤੇ ਪਾਬੰਦੀ ਰਹੇਗੀ।
ਵਸਤੂਆਂ ਦੀ ਖਰੀਦਦਾਰੀ ਕਰਨ ਲਈ ਪਰਿਵਾਰ ਵਿਚੋਂ ਸਿਰਫ ਇੱਕ ਵਿਅਕਤੀ ਹੀ ਜਾਵੇ ਤਾਂ ਜੋ ਬਾਜ਼ਾਰ/ਦੁਕਾਨਾਂ ’ਤੇ ਭੀੜ ਨਾ ਹੋਵੇ।