ਪਟਿਆਲਾ, 1 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)- ਡੇਅਰੀ ਮਾਲਕਾਂ ਦੇ ਮਸਲੇ ਨੂੰ ਗੰਭੀਰਤਾ ਨਾਲ ਸੁਣਦਿਆਂ ਮੁੱਖ ਮੰਤਰੀ ਵੱਲੋਂ ਤੁਰੰਤ ਡੀਸੀ ਨੂੰ ਫੋਨ ਕੀਤਾ ਗਿਆ ਅਤੇ ਡੇਅਰੀ ਮਾਲਕਾਂ ਨੂੰ ਭਰੋਸਾ ਦਿੱਤਾ ਕਿ ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਣ ਦੇਵਾਂਗਾ।…ਲੰਘੀ ਅੱਧੀ ਰਾਤ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਵੱਲੋਂ ਪਟਿਆਲਾ ਡੇਅਰੀ ਮਾਲਕਾਂ ਨਾਲ ਪੰਜਾਬ ਭਵਨ ਦੇ ਬਾਹਰ ਮੀਟਿੰਗ ਕੀਤੀ ਗਈ। ਇਸ ਦੌਰਾਨ ਡੇਅਰੀ ਮਾਲਕਾਂ ਨੇ ਸੀਐਮ ਨੂੰ ਦੱਸਿਆ ਕਿ ਸ਼ਹਿਰ ਦੇ ਮੇਅਰ ਵੱਲੋਂ ਜਬਰੀ ਉਨ੍ਹਾਂ ਦੀਆਂ ਡੇਅਰੀਆਂ ਨੂੰ ਪਟਿਆਲਾ ਤੋਂ ਬਾਹਰ ਸ਼ਿਫਟ ਕੀਤਾ ਜਾ ਰਿਹਾ ਹੈ। ਡੇਅਰੀ ਮਾਲਕਾਂ ਦੇ ਮਸਲੇ ਨੂੰ ਗੰਭੀਰਤਾ ਨਾਲ ਸੁਣਦਿਆਂ ਮੁੱਖ ਮੰਤਰੀ ਵੱਲੋਂ ਤੁਰੰਤ ਡੀਸੀ ਨੂੰ ਫੋਨ ਕੀਤਾ ਗਿਆ ਅਤੇ ਡੇਅਰੀ ਮਾਲਕਾਂ ਨੂੰ ਭਰੋਸਾ ਦਿੱਤਾ ਕਿ ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਣ ਦੇਵਾਂਗਾ।
ਪਟਿਆਲਾ ਡੇਅਰੀ ਯੂਨੀਅਨ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਵੀਰਵਾਰ ਸ਼ਾਮ ਉਹ ਚੰਡੀਗੜ੍ਹ ਮੁੱਖ ਮੰਤਰੀ ਨੂੰ ਮਿਲਣ ਗਏ ਸਨ। ਮੁੱਖ ਮੰਤਰੀ ਦੀਆਂ ਕਾਫ਼ੀ ਦੇਰ ਤਕ ਮੀਟਿੰਗਾਂ ਚੱਲਦੀਆਂ ਰਹੀਆਂ ਪਰ ਰਾਤ ਨੂੰ ਕਰੀਬ ਸਾਢੇ 12 ਵਜੇ ਮੁੱਖ ਮੰਤਰੀ ਖੁਦ ਪੰਜਾਬ ਭਵਨ ਤੋਂ ਬਾਹਰ ਉਨ੍ਹਾਂ ਨੂੰ ਮਿਲਣ ਪੁੱਜ ਗਏ। ਇੱਥੇ ਹੀ ਇਕ ਕੰਧ ‘ਤੇ ਬੈਠ ਕੇ ਮੁੱਖ ਮੰਤਰੀ ਨੇ ਡੇਅਰੀ ਮਾਲਕਾਂ ਦੀਆਂ ਸਾਰੀਆਂ ਸਮੱਸਿਆਵਾਂ ਸੁਣੀਆਂ ਤੇ ਤੁਰੰਤ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਫੋਨ ਕਰਕੇ ਮਸਲਾ ਛੇਤੀ ਹੱਲ ਕਰਨ ਦੇ ਹੁਕਮ ਦਿੱਤੇ। ਡੇਅਰੀ ਮਾਲਕਾਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਹ ਕਈ ਸਾਲਾਂ ਤੋਂ ਸ਼ਹਿਰ ‘ਚ ਡੇਅਰੀ ਦਾ ਕੰਮ ਕਰ ਰਹੇ ਹਨ ਪਰ ਹੁਣ ਧੱਕੇ ਨਾਲ ਉਨ੍ਹਾਂ ਨੂੰ ਸ਼ਹਿਰ ਤੋਂ ਬਾਹਰ ਸ਼ਿਫਟ ਕੀਤਾ ਜਾ ਰਿਹਾ ਹੈ ਜਿਥੇ ਅਜੇ ਤਕ ਪੂਰੇ ਪ੍ਰਬੰਧ ਵੀ ਨਹੀਂ ਹਨ। ਇੱਕ ਬਜ਼ੁਰਗ ਡੇਅਰੀ ਮਾਲਕ ਨੇ ਰੋਂਦੇ ਹੋਏ ਸਾਰੇ ਹਾਲਾਤ ਤੋਂ ਜਾਣੂ ਕਰਵਾਇਆ ਤਾਂ ਮੁੱਖ ਮੰਤਰੀ ਨੇ ਘੁੱਟ ਕੇ ਜੱਫੀ ਪਾਉਂਦਿਆਂ ਭਰੋਸਾ ਦਿੱਤਾ ਕਿ ਕਿਸੇ ਦਾ ਵਾਲ਼ ਵਿੰਗਾ ਨਹੀਂ ਹੋਣ ਦਿੱਤਾ ਜਾਵੇਗਾ ਤੇ ਮਸਲਾ ਜ਼ਰੂਰ ਹੱਲ ਹੋਵੇਗਾ।
ਦੱਸ ਦਈਏ ਕਿ ਪਟਿਆਲਾ ਸ਼ਹਿਰ ‘ਚ ਚੱਲ ਰਹੀਆਂ ਡੇਅਰੀਆਂ ਨੂੰ ਨਗਰ ਨਿਗਮ ਵੱਲੋਂ ਅਬਲੋਵਾਲ ਵਿਖੇ ਵੱਖਰੀ ਜਗ੍ਹਾ ਤੇ ਸ਼ਿਫਟ ਕੀਤਾ ਜਾ ਰਿਹਾ ਹੈ। ਇਸ ਜ਼ਮੀਨ ਤੇ ਡੇਅਰੀ ਮਾਲਕਾਂ ਨੂੰ ਪਲਾਟ ਵੇਚੇ ਜਾ ਰਹੇ ਹਨ ਤੇ ਅਲਾਟਮੈਂਟ ਕਰਕੇ 30 ਸਤੰਬਰ ਤਕ ਸਾਰੇ ਡੇਅਰੀ ਮਾਲਕਾਂ ਨੂੰ ਅਬਲੋਵਾਲ ਸ਼ਿਫਟ ਹੋਣ ਲਈ ਕਿਹਾ ਹੈ ਤੇ ਅਜਿਹਾ ਨਾ ਹੋਣ ‘ਤੇ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ।