ਨਵੀ ਦਿੱਲੀ,06-06-2023(ਪ੍ਰੈਸ ਕੀ ਤਾਕਤ)- ਦਿੱਲੀ ਪੁਲਿਸ ਨੇ ਕੁਸ਼ਤੀ ਸੰਘ ਦੇ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਕਾਰਵਾਈ ਤੇਜ਼ ਕਰ ਦਿੱਤੀ ਹੈ। ਦਿੱਲੀ ਪੁਲਿਸ ਦੀ ਇੱਕ ਟੀਮ ਸੋਮਵਾਰ ਰਾਤ ਨੂੰ ਲਖਨਊ ਅਤੇ ਗੋਂਡਾ ਸਥਿਤ ਬ੍ਰਿਜਭੂਸ਼ਣ ਸਿੰਘ ਦੇ ਘਰ ਪਹੁੰਚੀ। ਐਸਆਈਟੀ ਨੇ ਜਭੂਸ਼ਣ ਦੇ ਘਰ ਮੌਜੂਦ 12 ਲੋਕਾਂ ਦੇ ਬਿਆਨ ਦਰਜ ਕੀਤੇ ਹਨ।
ਦਿੱਲੀ ਪੁਲਿਸ ਨੇ ਸਬੂਤ ਵਜੋਂ ਬ੍ਰਿਜ ਭੂਸ਼ਣ ਦੇ ਘਰ ਅਤੇ ਉਸ ਨਾਲ ਕੰਮ ਕਰਨ ਵਾਲੇ ਲੋਕਾਂ ਦੇ ਨਾਮ, ਪਤੇ ਅਤੇ ਪਛਾਣ ਪੱਤਰ ਇਕੱਠੇ ਕੀਤੇ ਹਨ। ਹਾਲਾਂਕਿ ਇਸ ਪੁੱਛਗਿੱਛ ਤੋਂ ਬਾਅਦ ਪੁਲਸ ਟੀਮ ਦਿੱਲੀ ਵਾਪਸ ਪਰਤ ਗਈ।
ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਦੀ ਅਗਵਾਈ ‘ਚ ਸਾਰੇ ਪਹਿਲਵਾਨਾਂ ਨੇ ਕੁਸ਼ਤੀ ਸੰਘ ਦੇ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ।
21 ਅਪ੍ਰੈਲ ਨੂੰ 7 ਮਹਿਲਾ ਪਹਿਲਵਾਨਾਂ ਨੇ ਕਨਾਟ ਪਲੇਸ ਥਾਣੇ ‘ਚ ਬ੍ਰਿਜ ਭੂਸ਼ਣ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਇਨ੍ਹਾਂ ਸ਼ਿਕਾਇਤਾਂ ਦੇ ਆਧਾਰ ‘ਤੇ 28 ਅਪ੍ਰੈਲ ਨੂੰ ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਖਿਲਾਫ ਜਿਨਸੀ ਸ਼ੋਸ਼ਣ ਦੇ ਦੋ ਮਾਮਲੇ ਦਰਜ ਕੀਤੇ ਸਨ।
ਪਹਿਲੀ ਐਫਆਈਆਰ ਨਾਬਾਲਗ ਵੱਲੋਂ ਲਾਏ ਗਏ ਦੋਸ਼ਾਂ ’ਤੇ ਆਧਾਰਿਤ ਹੈ। ਇਸ ਸਬੰਧੀ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਦਕਿ, ਦੂਜੀ ਐਫਆਈਆਰ ਦੂਜੇ ਪਹਿਲਵਾਨਾਂ ਦੁਆਰਾ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨਾਲ ਸਬੰਧਤ ਹੈ। ਪੁਲਿਸ ਵੱਲੋਂ ਇਨ੍ਹਾਂ ਮਾਮਲਿਆਂ ਦੀ ਜਾਂਚ ਜਾਰੀ ਹੈ। ਪੁਲਿਸ ਹੁਣ ਤੱਕ 137 ਲੋਕਾਂ ਦੇ ਬਿਆਨ ਦਰਜ ਕਰ ਚੁੱਕੀ ਹੈ।