ਦਿੱਲੀ ਦੀ ਹਵਾ ਦੀ ਗੁਣਵੱਤਾ ਅੱਜ ‘ਬਹੁਤ ਮਾੜੀ’ ਸ਼੍ਰੇਣੀ ’ਚ ਰਹੀ, ਹਾਲਾਂਕਿ ਪੱਛਮੀ ਗੜਬੜੀ ਕਾਰਨ ਮੌਸਮ ’ਚ ਬਦਲਾਅ ਕਾਰਨ ਕੁਝ ਰਾਹਤ ਮਿਲਣ ਦੀ ਆਸ ਹੈ। ਕੌਮੀ ਰਾਜਧਾਨੀ ’ਚ ਅੱਜ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 385 ’ਤੇ ਰਿਹਾ। ਪੂਰੇ ਦਿਨ ਦਾ ਔਸਤ ਏਕਿਊਆਈ ਸ਼ਾਮ 4 ਵਜੇ ਦਰਜ ਕੀਤਾ ਜਾਂਦਾ ਹੈ। ਸ਼ਨੀਵਾਰ ਨੂੰ ਏਕਿਊਆਈ 389, ਸ਼ੁੱਕਰਵਾਰ ਨੂੰ 415, ਵੀਰਵਾਰ ਨੂੰ 390, ਬੁੱਧਵਾਰ ਨੂੰ 394, ਮੰਗਲਵਾਰ ਨੂੰ 365 ਅਤੇ ਸੋਮਵਾਰ ਨੂੰ 348 ਦਰਜ ਕੀਤਾ ਗਿਆ ਸੀ। ਕੇਂਦਰ ਨੇ ਪਿਛਲੇ ਸ਼ਨਿਚਰਵਾਰ ਨੂੰ ਹਵਾ ਦੀ ਅਨੁਕੂਲ ਗਤੀ ਅਤੇ ਦਿਸ਼ਾ ਦੇ ਕਾਰਨ ਪ੍ਰਦੂਸ਼ਣ ਦੇ ਪੱਧਰ ਵਿੱਚ ਗਿਰਾਵਟ ਤੋਂ ਬਾਅਦ ਕੁਝ ਨਿਰਮਾਣ ਕਾਰਜਾਂ ਅਤੇ ਦਿੱਲੀ ਵਿੱਚ ਪ੍ਰਦੂਸ਼ਣ ਫੈਲਾਉਣ ਵਾਲੇ ਟਰੱਕਾਂ ਦੇ ਦਾਖਲੇ ’ਤੇ ਪਾਬੰਦੀ ਹਟਾ ਦਿੱਤੀ ਸੀ, ਜਿਸ ਤੋਂ ਬਾਅਦ ਏਕਿਊਆਈ ਪੱਧਰ ਵਿੱਚ ਕਾਫੀ ਵਾਧਾ ਹੋਇਆ ਹੈ। ਦਿੱਲੀ-ਐੱਨਸੀਆਰ ’ਚ ਤਾਪ ਬਿਜਲੀ ਪਲਾਂਟਾਂ ਵੱਲੋਂ ਮਾਪਦੰਡਾਂ ਦੀ ਪਾਲਣਾ ਨਾ ਕੀਤੇ ਜਾਣ ਕਾਰਨ ਹਵਾ ਪ੍ਰਦੂਸ਼ਣ ਵਧ ਰਿਹਾ ਹੈ। ਇੱਕ ਨਵੇਂ ਵਿਸ਼ਲੇਸ਼ਣ ਵਿੱਚ ਖੁਲਾਸਾ ਹੋਇਆ ਹੈ। ਵਾਤਾਵਰਨ ਨਾਲ ਜੁੜੇ ‘ਥਿੰਕ ਟੈਂਕ’ ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ (ਸੀਐਸਈ) ਨੇ ਦਿੱਲੀ ਐਨਸੀਆਰ ਵਿੱਚ 11 ਥਰਮਲ ਪਾਵਰ ਪਲਾਂਟਾਂ (ਟੀਪੀਪੀ) ਤੋਂ ਨਿਕਲਣ ਵਾਲੇ ਪ੍ਰਦੂਸ਼ਕਾਂ, ਨਾਈਟ੍ਰੋਜਨ ਆਕਸਾਈਡ ਅਤੇ ਸਲਫਰ ਡਾਈਆਕਸਾਈਡ ’ਤੇ ਧਿਆਨ ਕੇਂਦਰਿਤ ਕਰਦਿਆਂ ਇੱਕ ਅਧਿਐਨ ਕੀਤਾ ਹੈ। ਇਹ ਅਧਿਐਨ ਕੇਂਦਰੀ ਬਿਜਲੀ ਅਥਾਰਟੀ (ਸੀਈਏ) ਦੀ ਵੈਬਸਾਈਟ ’ਤੇ ਮੌਜੂਦ ਅਪਰੈਲ 2022 ਤੋਂ ਅਗਸਤ 2023 ਤੱਕ ਦੀ ਵਾਤਾਵਰਨ ਸਥਿਤੀ ਰਿਪੋਰਟ ’ਤੇ ਆਧਾਰਿਤ ਹੈ। ਅਧਿਐਨ ਮੁਤਾਬਕ ਦਿੱਲੀ-ਐਨਸੀਆਰ ਵਿੱਚ ਪੀਐਮ 2.5 ਪ੍ਰਦੂਸ਼ਣ ਵਿੱਚ ਟੀਪੀਪੀ ਦੀ ਹਿੱਸਾ ਕਰੀਬ ਅੱਠ ਫੀਸਦੀ ਹੈ। ਸੀਐੱਸਆਈ ਵਿੱਚ ‘ਰੀਸਰਚ ਐਂਡ ਐਡਵੋਕੇਸੀ’ ਦੀ ਕਾਰਜਕਾਰੀ ਨਿਰਦੇਸ਼ਕ ਅਨੁਮਿਤਾ ਰਾਏ ਚੌਧਰੀ ਨੇ ਕਿਹਾ, ‘‘ਜੇ ਥਰਮਲ ਪਾਵਰ ਪਲਾਂਟ ਵਰਗੇ ਪ੍ਰਦੂਸ਼ਣ ਦੇ ਸਰੋਤ ਇੰਨਾ ਪ੍ਰਦੂਸ਼ਣ ਫੈਲਾਉਣਗੇ ਤਾਂ ਦਿੱਲੀ-ਕਦੇ ਵੀ ਸ਼ੁੱਧ ਹਵਾ ਦੇ ਮਿਆਰਾਂ ਨੂੰ ਪੂਰਾ ਕਰਨ ਅਤੇ ਜਨਤਕ ਸਿਹਤ ਦੀ ਸੁਰੱਖਿਆ ਦੇ ਆਪਣੇ ਟੀਚੇ ਨੂੰ ਪ੍ਰਾਪਤ ਨਹੀਂ ਕਰ ਸਕੇਗਾ।