ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ ਦਿਨੀਂ ਕੌਮੀ ਰਾਜਧਾਨੀ ਵਿੱਚ ਹੋਏ ਜੀ-20 ਸਿਖਰ ਸੰਮੇਲਨ ਦੀ ਸਫ਼ਲਤਾ ਦਾ ਸਿਹਰਾ ਕਿਸੇ ਇਕ ਵਿਅਕਤੀ ਜਾਂ ਪਾਰਟੀ ਦੇ ਸਿਰ ਨਹੀਂ ਬਲਕਿ 140 ਕਰੋੜ ਭਾਰਤੀਆਂ ਸਿਰ ਬੱਝਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਸੰੰਘੀ ਢਾਂਚੇ ਤੇ ਭਾਰਤ ਦੀ ਵੰਨ-ਸੁਵੰਨਤਾ ਸਦਕਾ ਦੇਸ਼ ਵਿੱਚ 60 ਥਾਵਾਂ ’ਤੇ 200 ਤੋਂ ਵੱਧ ਬੈਠਕਾਂ ਦੀ ਮੇਜ਼ਬਾਨੀ ਸੰਭਵ ਹੋ ਸਕੀ। ਵੱਖੋ ਵੱਖਰੀਆਂ ਰਾਜ ਸਰਕਾਰਾਂ ਨੇ ਮਹਿਮਾਨਾਂ ਤੇ ਡੈਲੀਗੇਟਸ ਦਾ ਸਵਾਗਤ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਜੀ-20 ਮੁਲਕਾਂ ਦੀਆਂ ਸੰਸਦਾਂ ਦੇ ਸਪੀਕਰਾਂ ਦੀ ਸਿਖਰ ਵਾਰਤਾ ਜਲਦੀ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਇਸ ਸਫ਼ਲਤਾ ਦਾ ਜਸ਼ਨ ਮਨਾਉਣਾ ਚਾਹੀਦਾ ਹੈ ਤੇ ਭਾਰਤ ਨੂੰ ਇਸ ਗੱਲ ’ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿ ਉਸ ਦੀ ਪ੍ਰਧਾਨਗੀ ਹੇਠ ਅਫਰੀਕੀ ਸੰਘ ਨੂੰ ਜੀ-20 ਵਿੱਚ ਸ਼ਾਮਲ ਕੀਤਾ ਗਿਆ ਹੈ। ਸ੍ਰੀ ਮੋਦੀ ਨੇੇ ਪੁਰਾਣੀ ਸੰਸਦੀ ਇਮਾਰਤ, ਜਿੱਥੇ ਖੜ੍ਹ ਕੇ ਉਹ ਬੋਲ ਰਹੇ ਸਨ, ਦੇ ਹਵਾਲੇ ਨਾਲ ਕਿਹਾ ਕਿ ਵਿਦੇਸ਼ੀ ਸ਼ਾਸਕਾਂ ਨੇ ਇਸ ਇਮਾਰਤ ਨੂੰ ਉਸਾਰਨ ਦਾ ਫੈਸਲਾ ਕੀਤਾ ਸੀ। ਇਹ ਇਮਾਰਤ ਭਾਰਤ ਦੇ ਲੋਕਾਂ ਦੀ ਸਖ਼ਤ ਮਿਹਨਤ, ਪਸੀਨੇ ਤੇ ਪੈਸੇ ਨਾਲ ਉਸਾਰੀ ਗਈ ਸੀ। ਵਿਸ਼ੇਸ਼ ਇਜਲਾਸ ਦੇ ਪਹਿਲੇ ਦਿਨ ਅੱਜ ਲੋਕ ਸਭਾ ਵਿੱਚ ਰਾਸ਼ਟਰ ਗਾਣ ਸਮੇਂ ਤੋਂ ਪਹਿਲਾਂ ਵੱਜਣ ਦਾ ਵਿਰੋਧੀ ਧਿਰਾਂ ਨੇ ਤਿੱਖਾ ਵਿਰੋਧ ਕੀਤਾ। ਸਪੀਕਰ ਓਮ ਬਿਰਲਾ ਨੇ ਵਿੱਚ ਪੈ ਕੇ ਮਸਲਾ ਸੁਲਝਾਇਆ। ਦੱਸਣਾ ਬਣਦਾ ਹੈ ਕਿ ਵਿਸ਼ੇਸ਼ ਇਜਲਾਸ ਲਈ ਅੱਜ ਹੇਠਲਾ ਸਦਨ ਜਿਉਂ ਹੀ ਜੁੜਿਆ ਤਾਂ ਸਪੀਕਰ ਓਮ ਬਿਰਲਾ ਆਪਣੇ ਆਸਣ ’ਤੇ ਬੈਠੇ ਵੀ ਨਹੀਂ ਸਨ ਕਿ ਸਦਨ ਦੇ ਆਡੀਓ ਸਿਸਟਮ ਵਿੱਚ ਰਾਸ਼ਟਰ ਗਾਣ ਵੱਜਣ ਲੱਗਾ। ਜਿਵੇਂ ਹੀ ਇਹ ਉਕਾਈ ਸੰਸਦੀ ਸਟਾਫ਼ ਦੇ ਧਿਆਨ ਵਿੱਚ ਆਈ ਤਾਂ ਉਨ੍ਹਾਂ ਰਾਸ਼ਟਰ ਗਾਣ ਵਿਚਾਲੇ ਹੀ ਰੋਕ ਦਿੱਤਾ। ਸਪੀਕਰ ਬਿਰਲਾ ਲੋਕ ਸਭਾ ਚੈਂਬਰ ਵਿਚ ਦਾਖ਼ਲ ਹੋਏ ਤਾਂ ਪੂਰਾ ਰਾਸ਼ਟਰ ਗਾਣ ਮੁੜ ਵੱਜਿਆ। ਚੇਤੇ ਰਹੇ ਸੰਸਦ ਦੇ ਨਵੇਂ ਇਜਲਾਸ ਦੀ ਸ਼ੁਰੂਆਤ ‘ਜਨ ਗਣ ਮਨ…’ ਨਾਲ ਹੁੰਦੀ ਹੈ ਜਦੋਂਕਿ ਇਜਲਾਸ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਨਾਲ ਖ਼ਤਮ ਹੁੰਦਾ ਹੈ। ਕਾਂਗਰਸ ਆਗੂ ਗੌਰਵ ਗੋਗੋਈ ਤੇ ਬਸਪਾ ਦੇ ਦਾਨਿਸ਼ ਅਲੀ ਸਣੇ ਵਿਰੋਧੀ ਪਾਰਟੀਆਂ ਦੇ ਹੋਰਨਾਂ ਆਗੂਆਂ ਨੇ ਸਮੇਂ ਤੋਂ ਪਹਿਲਾਂ ਰਾਸ਼ਟਰ ਗਾਣ ਵਜਾਉਣ ’ਤੇ ਇਤਰਾਜ਼ ਜਤਾਇਆ। ਸਪੀਕਰ ਬਿਰਲਾ ਨੇ ਤਕਨੀਕੀ ਨੁਕਸ ਦੇ ਹਵਾਲੇ ਨਾਲ ਵਿਰੋਧੀ ਧਿਰਾਂ ਨੂੰ ਸ਼ਾਂਤ ਕੀਤਾ। ਬਿਰਲਾ ਨੇ ਮੈਂਬਰਾਂ ਨੂੰ ਇਸ ਪੂਰੇ ਮਾਮਲੇ ਦੀ ਜਾਂਚ ਦਾ ਭਰੋਸਾ ਦਿੱਤਾ।