ਪਟਿਆਲਾ, 17-05-2023(ਪ੍ਰੈਸ ਕੀ ਤਾਕਤ)-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਬਰਸਾਤਾਂ ਦੇ ਮੌਸਮ ਦੌਰਾਨ ਹੜ੍ਹਾਂ ਤੋਂ ਬਚਾਅ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਕਰਦਿਆਂ ਕਿਹਾ ਕਿ ਜ਼ਿਲ੍ਹੇ ‘ਚ ਪੈਂਦੀਆਂ ਡਰੇਨਾਂ ਦੀ ਸਫ਼ਾਈ ਤੁਰੰਤ ਕੀਤੀ ਜਾਵੇ ਤਾਂ ਜੋ ਬਰਸਾਤਾਂ ਦੇ ਮੌਸਮ ਤੋਂ ਪਹਿਲਾਂ ਡਰੇਨਾਂ ਦੀ ਸਫ਼ਾਈ ਅਤੇ ਘੱਗਰ ਦੇ ਬੰਨ੍ਹ ਮਜ਼ਬੂਤ ਕਰਨ ਸਮੇਤ ਹੋਰ ਹੜ੍ਹ ਰੋਕੂ ਪ੍ਰਬੰਧ ਮੁਕੰਮਲ ਕੀਤੇ ਜਾ ਸਕਣ।
ਸਾਕਸ਼ੀ ਸਾਹਨੀ ਨੇ ਕਿਹਾ ਕਿ ਪਾਣੀ ਦੀ ਸਹੀ ਨਿਕਾਸੀ ਲਈ ਪਿੰਡਾਂ ਦੇ ਛੱਪੜਾਂ ਦੀ ਸਫ਼ਾਈ ਦੇ ਕੰਮ ਨੂੰ ਸਮੇਂ ਸਿਰ ਨਿਪਟਾਇਆ ਜਾਵੇ ਅਤੇ ਇਸ ਸਬੰਧੀ ਰਿਪੋਰਟ ਡੀ.ਸੀ. ਦਫ਼ਤਰ ਵਿਖੇ ਜਮਾਂ ਕਰਵਾਉਣ ਵੀ ਯਕੀਨੀ ਬਣਾਇਆ ਜਾਵੇ। ਉਨ੍ਹਾਂ ਮੰਡੀ ਬੋਰਡ ਅਤੇ ਪੀ.ਡਬਲਿਊ.ਡੀ. ਦੇ ਅਧਿਕਾਰੀਆਂ ਨੂੰ ਬਰਸਾਤਾਂ ਦੇ ਮੌਸਮ ‘ਚ ਜਿਨ੍ਹਾਂ ਸੜਕਾਂ ਦਾ ਨੁਕਸਾਨ ਹੁੰਦਾ ਹੈ, ਉਨ੍ਹਾਂ ਦੀ ਸ਼ਨਾਖਤ ਕਰਨ ਅਤੇ ਸੜਕ ਟੁੱਟਣ ਦੀ ਸਥਿਤ ‘ਚ ਬਦਲਵੇਂ ਪ੍ਰਬੰਧਾਂ ਸਬੰਧੀ ਰਿਪੋਰਟ ਤਿਆਰ ਕਰਨ ਦੀ ਹਦਾਇਤ ਵੀ ਕੀਤੀ।
ਉਨ੍ਹਾਂ ਨਾਭਾ ਡਰੇਨ, ਮੋਹਲ ਗਵਾਰਾ, ਰੋਹਟੀ ਅਤੇ ਸਰਹਿੰਦ ਚੋਅ, ਰਾਜਪੁਰਾ ਦੀ ਭਗਨਾ ਡਰੇਨ, ਪੱਚੀ ਦਰਾਂ, ਟਾਂਗਰੀ ਦਰਿਆ ਦੀ ਡੀ ਸਿਲਟਿੰਗ ਕਰਕੇ, ਮਾਰਕੰਡਾ ਦਰਿਆ ਦੇ ਬੰਨ ਮਜ਼ਬੂਤ ਕਰਨ, ਮੋਮੀਆ ਡਰੇਨ ਦਾ ਫਲੱਡ ਗੇਟ ਇੱਕ ਹੋਰ ਬਣਾਉਣ ਅਤੇ ਇਸ ਦੀ ਰੀਸੈਕਸ਼ਨ, ਪਟਿਆਲਾ ਕੀ ਰਾਉ, ਮਹਾਦੱਈਆ ਡਰੇਨ, ਸਿਰਕੱਪੜਾ ਪੁੱਲ ਦੇ ਤਿੰਨ ਸਟੱਡ ਮਜ਼ਬੂਤ ਕਰਨ ਅਤੇ ਹੜ੍ਹ ਰੋਕੂ ਕੰਮ ਸਮੇਂ ਸਿਰ ਨਿਪਟਾਉਣ ਦਾ ਆਦੇਸ਼ ਵੀ ਦਿੱਤੇ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਤੋਂ ਸੁਝਾਅ ਪ੍ਰਾਪਤ ਕਰਦਿਆਂ ਕਿਹਾ ਕਿ ਸਮੇਂ ਤੋਂ ਪਹਿਲਾਂ ਕੀਤੀ ਤਿਆਰੀ ਨਾਲ ਜਿਥੇ ਸੰਕਟ ਦ ਸਥਿਤੀ ਨੂੰ ਸਹੀ ਤਰੀਕੇ ਨਾਲ ਨਜਿੱਠਿਆ ਜਾਂ ਸਕਦਾ ਹੈ, ਉਥੇ ਹੀ ਕੰਮ ‘ਚ ਕੁਸ਼ਲਤਾ ਵੀ ਵਧਦੀ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ, ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ, ਐਕਸੀਅਨ ਡਰੇਨਜ਼ ਗੁਰਤੇਜ ਸਿੰਘ ਗਰਚਾ, ਐਸ.ਡੀ.ਓ. ਨਿਸ਼ਾਤ ਗਰਗ ਤੇ ਵਰੁਣ ਗਰਗ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਫੋਟੋ ਕੈਪਸ਼ਨ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।