ਪਟਿਆਲਾ, 10 ਜੁਲਾਈ:
ਵਣ ਮਹਾ ਉਤਸਵ ਸਪਤਾਹ ਮੌਕੇ ਇੱਥੇ ਕਮਾਂਡੋ ਕੰਪਲੈਕਸ ਬਹਾਦਰਗੜ੍ਹ ਵਿਖੇ “ਰੁੱਖ ਲਗਾਓ ਮੁਹਿੰਮ” ਦੀ ਸ਼ੁਰੂਆਤ ਕਰਨ ਪੁੱਜੇ ਡੀ.ਆਈ.ਜੀ. ਕਮਾਂਡੋਂ ਐਸ.ਕੇ. ਰਾਮਪਾਲ ਨੇ ਕਿਹਾ ਕਿ ਰੁੱਖਾਂ ਬਿਨ੍ਹਾਂ ਸਾਡੇ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ, ਇਸ ਲਈ ਹਰੇਕ ਮਨੁੱਖ ਆਪਣੇ ਤੇ ਆਪਣੇ ਪਰਿਵਾਰ ਦੇ ਜੀਵਨ ਲਈ ਵੱਧ ਤੋਂ ਵੱਧ ਰੁੱਖ ਜਰੂਰ ਲਾਵੇ।
ਡੀ.ਆਈ.ਜੀ. ਐਸ.ਕੇ. ਰਾਮਪਾਲ ਨੇ ਇਸ ਬੂਟੇ ਲਾਉਣ ਦੀ ਮੁਹਿੰਮ ਬਾਰੇ ਦੱਸਦਿਆਂ ਕਿਹਾ ਕਿ ਏ.ਡੀ.ਜੀ.ਪੀ./ਕਮਾਂਡੋ, ਪੰਜਾਬ ਏ.ਕੇ.ਪਾਂਡੇ ਦੀ ਰਹਿਨੁਮਾਈ ਹੇਠ ਕਮਾਂਡੋ ਕੰਪਲੈਕਸ, ਬਹਾਦਰਗੜ੍ਹ, ਪਟਿਆਲਾ ਵਿਖੇ “ਰੁੱਖ ਲਗਾਓ ਮੁਹਿੰਮ” ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤੋਂ ਬਿਨ੍ਹਾਂ ਕਮਾਂਡੋ ਜਵਾਨਾਂ ਵੱਲੋਂ ਜਿੱਥੇ ਵੀ ਕਿਤੇ ਜਗ੍ਹਾ ਮਿਲੇਗੀ ਉਥੇ ਹੀ ਬੂਟੇ ਜਰੂਰ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਤੇ ਤੰਦਰੁਸਤ ਜੀਵਨ ਲਈ ਰੁੱਖਾਂ ਦੀ ਬਹੁਤ ਮਹੱਤਤਾ ਹੈ, ਇਸ ਲਈ ਹਰੇਕ ਵਿਅਕਤੀ ਨੂੰ ਰੁੱਖ ਲਗਾਕੇ ਇਨ੍ਹਾਂ ਦਾ ਪਾਲਣ ਪੋਸ਼ਣ ਵੀ ਆਪਣੇ ਬੱਚਿਆਂ ਦੀ ਤਰ੍ਹਾਂ ਹੀ ਕਰਨਾ ਚਾਹੀਦਾ ਹੈ।
ਇਸ ਮੌਕੇ ਪਹਿਲੀ ਕਮਾਂਡੋ ਬਟਾਲੀਅਨ ਦੇ ਕਮਾਂਡੈਂਟ ਸੁਨੀਤਾ ਰਾਣੀ, ਦੂਜੀ ਕਮਾਂਡੋ ਬਟਾਲੀਅਨ ਦੇ ਕਮਾਂਡੈਟ ਜਗਵਿੰਦਰ ਸਿੰਘ ਚੀਮਾ, ਕਮਾਂਡੋ ਟ੍ਰੇਨਿੰਗ ਸੈਂਟਰ ਦੇ ਕਮਾਂਡੈਂਟ ਗੁਰਪ੍ਰੀਤ ਸਿੰਘ, ਡੀ.ਐਸ.ਪੀ. ਹਰਦੀਪ ਸਿੰਘ ਬਡੂੰਗਰ, ਮੈਡੀਕਲ ਅਫਸਰ, ਕਮਾਂਡੋ ਅਤੇ ਪੀਏਪੀ ਬਟਾਲੀਅਨਾਂ ਦੇ ਸਟਾਫ ਅਤੇ ਜਵਾਨਾਂ ਨੇ ਇਸ ਮੌਕੇ ਕਮਾਂਡੋ ਕੰਪਲੈਕਸ ਅਤੇ ਇਸ ਦੇ ਆਸ-ਪਾਸ ਵਿਖੇ ਵੱਖ-ਵੱਖ ਤਰ੍ਹਾਂ ਦੇ 500 ਬੂਟੇ ਲਗਾਏ।