ਪਟਿਆਲਾ, 30 ਸਤੰਬਰ:
ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੇ ਚੱਲ ਰਹੇ ਜ਼ਿਲ੍ਹਾ ਪੱਧਰੀ ਮੁਕਾਬਲੇ ਅੱਜ ਸੰਪੰਨ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੇ 23 ਸਤੰਬਰ ਤੋਂ ਸ਼ੁਰੂ ਹੋਏ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ 15 ਹਜ਼ਾਰ ਤੋਂ ਵੱਧ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦੇ ਜੌਹਰ ਦਿਖਾਏ ਹਨ।
ਜ਼ਿਲ੍ਹਾ ਖੇਡ ਅਫ਼ਸਰ ਨੇ ਕਿਹਾ ਕਿ ਵਿਭਾਗ ਦੇ ਕੋਚਿਜ, ਦਫ਼ਤਰੀ ਸਟਾਫ਼, ਖੇਡ ਵਿਭਾਗ ਦੇ ਅਧਿਆਪਕਾਂ ਅਤੇ ਹਰ ਸਬੰਧਤ ਵਿਭਾਗ ਦੇ ਕਰਮਚਾਰੀਆਂ ਦੀ ਮਿਹਨਤ ਅਤੇ ਸਹਿਯੋਗ ਸਦਕਾ ਹੀ ਇਹ ਖੇਡਾਂ ਵਧੀਆਂ ਅਤੇ ਸਫਲਤਾਪੂਰਵਕ ਢੰਗ ਨਾਲ ਨੇਪਰੇ ਚੜੀਆਂ ਹਨ। ਇਸ ਦੇ ਲਈ ਉਨ੍ਹਾਂ ਨੇ ਸਭ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਖੇਡਾਂ ਕਰਵਾਉਣੀਆਂ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਜਿਸ ਨਾਲ ਸਾਡੇ ਨੌਜਵਾਨ ਜਿਥੇ ਨਸ਼ਿਆਂ ਜਿਹੀ ਭੈੜੀ ਲਾਹਨਤ ਤੋਂ ਦੂਰ ਰਹਿੰਦੇ ਹਨ, ਉਥੇ ਸਰੀਰਕ ਪੱਖੋਂ ਵੀ ਮਜ਼ਬੂਤ ਹੁੰਦੇ ਹਨ ਅਤੇ ਬਜ਼ੁਰਗਾਂ ਲਈ ਤਾਂ ਇਹ ਖੇਡਾਂ ਤੰਦਰੁਸਤੀ ਅਤੇ ਨਵੀਂ ਚੇਤਨਾ ਅਤੇ ਉਤਸ਼ਾਹ ਲੈ ਕਿ ਆਉਂਦੀਆਂ ਹਨ।
ਉਨ੍ਹਾਂ ਆਖਰੀ ਦਿਨ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਲੀਬਾਲ (ਸਮੈਸਿੰਗ) 21-30 ਸਾਲ ਦੇ ਉਮਰ ਵਰਗ ਦੇ ਮੈਨ ਖੇਡ ਮੁਕਾਬਲਿਆਂ ਵਿੱਚ ਸਮਾਣਾ ਦੀ ਟੀਮ ਨੇ ਪਹਿਲਾ ਨਾਭਾ ਦੀ ਟੀਮ ਨੇ ਦੂਜਾ ਅਤੇ ਕੋਚਿੰਗ ਸੈਂਟਰ ਪਟਿਆਲਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 40-50 ਅਤੇ 50-60 ਉਮਰ ਵਰਗ ਮੈਨ ਵਿੱਚ ਕੋਚਿੰਗ ਸੈਂਟਰ ਪਟਿਆਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਸਾਫਟਬਾਲ ਮੁਕਾਬਲਿਆਂ ਵਿੱਚ ਅੰਡਰ-17 ਲੜਕਿਆਂ ਵਿੱਚ ਸ਼ੁਤਰਾਣਾ ਦੀ ਟੀਮ ਨੇ ਜਸਦੇਵ ਸਿੰਘ ਸੰਧੂ ਟੀਮ ਦੀ ਟੀਮ ਨੂੰ 6-4 ਦੇ ਫ਼ਰਕ ਨਾਲ, ਇਸ ਤਰ੍ਹਾਂ ਸ.ਹ.ਸ ਰਾਏਪੁਰ ਨੇ ਸ.ਸ.ਸ.ਸ ਭਾਂਖਰ ਨੂੰ 8-6 ਦੇ ਫ਼ਰਕ ਨਾਲ ਹਰਾ ਕਿ ਜਿੱਤ ਹਾਸਲ ਕੀਤੀ। ਅੰਡਰ-21 ਵਿੱਚ ਸ.ਸ.ਸ.ਸ ਸ਼ੁਤਰਾਣਾ ਨੇ ਆਲਮਪੁਰ ਕਬੱਡੀ ਕਲੱਬ ਨੂੰ 11-0 ਦੇ ਭਾਰੀ ਫ਼ਰਕ ਨਾਲ ਹਰਾ ਕਿ ਜਿੱਤ ਹਾਸਲ ਕੀਤੀ। ਸ.ਸ.ਸ.ਸ ਭਾਖਰ ਨੇ ਪਲੇਅ ਵੇਅ ਸਕੂਲ ਨੂੰ 10-0 ਦੇ ਫ਼ਰਕ ਨਾਲ ਹਰਾ ਕਿ ਭਾਰੀ ਜਿੱਤ ਹਾਸਲ ਕੀਤੀ।