ਨਵੇਂ ਕਾਨੂੰਨ ’ਚ ‘ਹਿੱਟ ਐਂਡ ਰਨ’ ਦੇ ਮਾਮਲਿਆਂ ‘ਚ ਸਖ਼ਤ ਸਜ਼ਾ ਦੀ ਵਿਵਸਥਾ ਖ਼ਿਲਾਫ਼ ਆਪਣੇ ਵਿਰੋਧ ਨੂੰ ਤੇਜ਼ ਕਰਦੇ ਹੋਏ ਦੇਸ਼ ਦੇ ਕਈ ਹਿੱਸਿਆਂ ਵਿੱਚ ਅੱਜ ਡਰਾਈਵਰਾਂ ਨੇ ਹੜਤਾਲ ਕੀਤੀ। ਇਸ ਦੌਰਾਨ ਸੜਕਾਂ ’ਤੇ ਜਾਮ ਲਗਾਏ ਗਏ, ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪਿਆ ਤੇ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੀ ਟਰਾਂਸਪੋਰਟ ਕਮੇਟੀ ਦੇ ਚੇਅਰਮੈਨ ਸੀਲ ਮੁਕਾਤੀ ਨੇ ਕਿਹਾ, ‘ਹਿੱਟ ਐਂਡ ਰਨ ਦੇ ਮਾਮਲਿਆਂ ਵਿੱਚ ਸਰਕਾਰ ਵੱਲੋਂ ਅਚਾਨਕ ਲਾਗੂ ਕੀਤੇ ਸਖ਼ਤ ਪ੍ਰਬੰਧਾਂ ਖ਼ਿਲਾਫ਼ ਡਰਾਈਵਰਾਂ ਵਿੱਚ ਗੁੱਸਾ ਹੈ।’ ਸਰਕਾਰ ਨੂੰ ਹਿੱਟ ਐਂਡ ਰਨ ਮਾਮਲਿਆਂ ਵਿੱਚ ਵਿਦੇਸ਼ਾਂ ਦੀ ਤਰਜ਼ ‘ਤੇ ਸਖ਼ਤ ਵਿਵਸਥਾਵਾਂ ਲਿਆਉਣ ਤੋਂ ਪਹਿਲਾਂ ਵਿਦੇਸ਼ਾਂ ਵਾਂਗ ਬਿਹਤਰ ਸੜਕ ਅਤੇ ਆਵਾਜਾਈ ਪ੍ਰਣਾਲੀ ਨੂੰ ਯਕੀਨੀ ਬਣਾਉਣ ‘ਤੇ ਧਿਆਨ ਦੇਣਾ ਚਾਹੀਦਾ ਹੈ। ਭਾਰਤੀ ਨਿਆਂ ਸੰਹਿਤਾ, ਜੋ ਭਾਰਤੀ ਦੰਡਾਵਲੀ ਦੀ ਥਾਂ ਲੈ ਰਹੀ ਹੈ, ਵਿਚ ਅਜਿਹੇ ਡਰਾਈਵਰਾਂ ਲਈ 10 ਸਾਲ ਤੱਕ ਦੀ ਸਜ਼ਾ ਦੀ ਵਿਵਸਥਾ ਹੈ, ਜੋ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਕਾਰਨ ਵੱਡੀ ਹਾਦਸੇ ਦਾ ਕਾਰਨ ਬਣਦੇ ਹਨ ਤੇ ਹਾਦਸੇ ਬਾਰੇ ਪੁਲੀਸ ਜਾਂ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਨੂੰ ਸੂਚਿਤ ਕੀਤੇ ਬਿਨਾਂ ਫ਼ਰਾਰ ਹੋ ਜਾਂਦੇ ਹਨ।