ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਥਿਤ ਤੌਰ ’ਤੇ ਨੌਕਰੀ ਬਦਲੇ ਜ਼ਮੀਨ ਘੁਟਾਲੇ ਦੇ ਮਨੀ ਲਾਂਡਰਿੰਗ ਮਾਮਲੇ ਸਬੰਧੀ ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪੁੱਤਰ ਤੇਜਸਵੀ ਯਾਦਵ ਦੇ ਸਹਿਯੋਗੀ ਦੱਸੇ ਜਾ ਰਹੇ ਅਮਿਤ ਕਟਿਆਲ ਨੂੰ ਗ੍ਰਿਫ਼ਤਾਰ ਕੀਤਾ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਕੇਂਦਰੀ ਜਾਂਚ ਏਜੰਸੀ ਨੇ ਕਟਿਆਲ ਨੂੰ ਸ਼ੁੱਕਰਵਾਰ ਹਿਰਾਸਤ ਵਿੱਚ ਲਿਆ ਅਤੇ ਫਿਰ ਪੁੱਛ ਪੜਤਾਲ ਮਗਰੋਂ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਕਟਿਆਲ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ, ਜਿੱਥੇ ਈਡੀ ਪੁੱਛ ਪੜਤਾਲ ਲਈ ਉਸ ਦੀ ਹਿਰਾਸਤ ਦੀ ਮੰਗ ਕਰੇਗੀ। ਸੂਤਰਾਂ ਅਨੁਸਾਰ ਕਟਿਆਲ ਕਰੀਬ ਦੋ ਮਹੀਨਿਆਂ ਤੋਂ ਈਡੀ ਦੇ ਸੰਮਨ ਦੀ ਅਣਦੇਖੀ ਕਰ ਰਿਹਾ ਸੀ। ਦਿੱਲੀ ਹਾਈ ਕੋਰਟ ਨੇ ਹਾਲ ਹੀ ਵਿੱਚ ਇਸ ਮਾਮਲੇ ’ਚ ਉਸ ਖ਼ਿਲਾਫ਼ ਜਾਰੀ ਈਡੀ ਦੇ ਸੰਮਨ ਨੂੰ ਰੱਦ ਕਰਨ ਦੀ ਮੰਗ ਵਾਲੀ ਉਸ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਈਡੀ ਨੇ ਇਸ ਸਾਲ ਮਾਰਚ ਵਿੱਚ ਜਦੋਂ ਲਾਲੂ, ਤੇਜਸਵੀ, ਉਸ ਦੀਆਂ ਭੈਣਾਂ ਅਤੇ ਹੋਰਾਂ ਦੀਆਂ ਰਿਹਾਇਸ਼ਾਂ ’ਤੇ ਛਾਪੇ ਮਾਰੇ ਸੀ ਤਾਂ ਕਟਿਆਲ ਨਾਲ ਜੁੜੇ ਟਿਕਾਣਿਆਂ ਦੀ ਵੀ ਤਲਾਸ਼ੀ ਲਈ ਗਈ ਸੀ। ਜਾਂਚ ਏਜੰਸੀ ਅਨੁਸਾਰ ਕਟਿਆਲ ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਦਾ ਕਰੀਬੀ ਸਹਿਯੋਗੀ ਹੋਣ ਦੇ ਨਾਲ-ਨਾਲ ‘ਏਕੇ ਇੰਫੋਸਿਸਟਮਜ਼ ਪ੍ਰਾਈਵੇਟ ਲਿਮਟਿਡ’ ਦਾ ਸਾਬਕਾ ਡਾਇਰੈਕਟਰ ਵੀ ਹੈ। ਇਸ ਕੰਪਨੀ ਦੀ ਰਜਿਸਟਰੇਸ਼ਨ ਲਈ ਪਤਾ ਦੱਖਣੀ ਦਿੱਲੀ ਦੀ ਨਿਊ ਫਰੈਂਡਜ਼ ਕਲੋਨੀ ਸਥਿਤ ਇੱਕ ਰਿਹਾਇਸ਼ੀ ਇਮਾਰਤ ਦਾ ਹੈ, ਜਿਸ ਦੀ ਵਰਤੋਂ ਤੇਜਸਵੀ ਯਾਦਵ ਕਰ ਰਹੇ ਸੀ