ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਸਬੰਧੀ ਪੁੱਛ-ਪੜਤਾਲ ਲਈ ਤਾਜ਼ਾ ਸੰਮਨ ਜਾਰੀ ਕਰਦਿਆਂ 3 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ। ਜਾਂਚ ਏਜੰਸੀ ਇਸ ਤੋਂ ਪਹਿਲਾਂ ‘ਆਪ’ ਦੇ ਕਨਵੀਨਰ ਕੇਜਰੀਵਾਲ ਨੂੰ 2 ਨਵੰਬਰ ਤੇ 21 ਦਸੰਬਰ ਨੂੰ ਪੇਸ਼ ਹੋਣ ਲਈ ਦੋ ਨੋਟਿਸ ਜਾਰੀ ਕਰ ਚੁੱਕੀ ਹੈ। ਉਨ੍ਹਾਂ ਵੱਲੋਂ ਏਜੰਸੀ ਕੋਲ ਪੇਸ਼ ਹੋਣ ਤੋਂ ਇਨਕਾਰ ਕੀਤੇ ਜਾਣ ਮਗਰੋਂ ਤੀਜਾ ਸੰਮਨ ਜਾਰੀ ਕੀਤਾ ਗਿਆ ਹੈ। ਕੇਜਰੀਵਾਲ ਇਸ ਸਮੇਂ ਵਿਪਾਸਨਾ ਮੈਡੀਟੇਸ਼ਨ ਕੋਰਸ ਲਈ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਹਨ। ਕੇਜਰੀਵਾਲ ਨੇ ਦੂਜੇ ਸੰਮਨ ’ਤੇ ਪੇਸ਼ ਹੋਣ ਤੋਂ ਇਨਕਾਰ ਕਰਦਿਆਂ ਜਾਂਚ ਅਧਿਕਾਰੀ ਨੂੰ ਲਿਖਿਆ ਕਿ ਉਨ੍ਹਾਂ ਖ਼ਿਲਾਫ਼ ਨਿੱਜੀ ਤੌਰ ’ਤੇ ਪੇਸ਼ ਹੋਣ ਲਈ ਜਾਰੀ ਕੀਤਾ ਗਿਆ ਨੋਟਿਸ ‘ਕਾਨੂੰਨ ਮੁਤਾਬਕ ਨਹੀਂ’ ਹੈ ਅਤੇ ਇਸ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ।

