ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੀ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਸ਼ੁੱਕਰਵਾਰ ਨੂੰ ਦੇਸ਼ ਭਰ ਵਿਚ ਰਿਲੀਜ਼ ਹੋ ਗਈ ਪਰ ਪੰਜਾਬ ਵਿਚ ਰਿਲੀਜ਼ ਨਹੀਂ ਹੋ ਸਕੀ। ਇਸ ਦਾ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਅਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਫਿਲਮ ਦਾ ਵਿਰੋਧ ਕਰਨਾ ਹੈ। ਸੂਬੇ ਵਿਚ ਸਿਨੇਮਾ ਘਰਾਂ ਦੇ ਬਾਹਰ ਸਿੱਖ ਸੰਗਠਨਾਂ ਦੇ ਆਗੂਆਂ ਦੇ ਇਕੱਠੇ ਹੋਣ ਤੋਂ ਬਾਅਦ ਸਿਨੇਮਾਘਰਾਂ ਦੇ ਮਾਲਿਕਾਂ ਨੇ ਫਿਲਮ ਰਿਲੀਜ਼ ਕਰਨ ਤੋਂ ਮਨ੍ਹਾਂ ਕਰ ਦਿੱਤਾ। ਹਾਲਾਂਕਿ ਅਧਿਕਾਰਤ ਤੌਰ ’ਤੇ ਸਰਕਾਰ ਨੇ ਇਸ ’ਤੇ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਲਗਾਈ ਸੀ। ਅੰਮ੍ਰਿਤਸਰ ਦੇ ਟ੍ਰਿਲੀਅਨ ਮਾਲ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਜੁੜੇ ਕਾਰਕੁੰਨਾਂ ਨੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਤੱਕ ਲਗਾਏ। ਉੱਥੇ ਸਥਿਤੀ ’ਤੇ ਕਾਬੂ ਪਾਉਣ ਲਈ ਸਿਨੇਮਾਘਰਾਂ ਦੇ ਬਾਹਰ ਭਾਰੀ ਗਿਣਤੀ ਵਿਚ ਪੁਲਿਸ ਵੀ ਤਾਇਨਾਤ ਰਹੀ। ਫਿਲਮ ਦੀ ਰਿਲੀਜ਼ ਤੋਂ ਇਕ ਦਿਨ ਪਹਿਲਾਂ ਇਸ ਦੀ ਐਡਵਾਂਸ ਬੁਕਿੰਗ ਵੀ ਹੋ ਚੁੱਕੀ ਸੀ ਪਰ ਵਿਰੋਧ ਦੇ ਕਾਰਨ ਇਸ ਨੂੰ ਰਿਲੀਜ਼ ਨਹੀਂ ਕੀਤਾ ਜਾ ਸਕਿਆ।ਐੱਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਕੰਗਨਾ ਪਹਿਲਾਂ ਵੀ ਕਿਸਾਨਾਂ ਖ਼ਿਲਾਫ਼ ਬੋਲਦੀ ਰਹੀ ਹੈ। ਫਿਲਮ 1975-77 ਵਿਚ ਲੱਗੀ ਐਮਰਜੈਂਸੀ ’ਤੇ ਆਧਾਰਿਤ ਹੈ ਪਰ ਇਕ ਸਾਜ਼ਿਸ਼ ਦੇ ਤਹਿਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਕਿਰਦਾਰ ਨੂੰ ਗ਼ਲਤ ਤਰੀਕੇ ਨਾਲ ਦਿਖਾਇਆ ਗਿਆ ਹੈ। ਇਸ ਤਹਿਤ 1984 ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੀ ਹਰਿਮੰਦਰ ਸਾਹਿਬ ’ਤੇ ਹੋਏ ਹਮਲੇ ਨੂੰ ਫਿਲਮ ਵਿਚ ਤਰਕਸੰਗਤ ਦੱਸਣ ਦਾ ਯਤਨ ਕੀਤਾ ਗਿਆ ਹੈ, ਜਿਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਧਰ, ਭਰੋਸੇਯੋਗ ਸੂਤਰਾਂ ਮੁਤਾਬਕ ਸੂਬਾ ਸਰਕਾਰ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਫਿਲਮ ’ਤੇ ਪਾਬੰਦੀ ਲਾਉਣ ਦੀ ਮੰਗ ’ਤੇ ਸਿੱਧੇ ਤੌਰ ’ਤੇ ਤਾਂ ਕੋਈ ਕਾਰਵਾਈ ਨਹੀਂ ਕੀਤੀ ਪਰ ਅਮਨ-ਕਾਨੂੰਨ ਦੀ ਸਥਿਤੀ ਦੇ ਮੱਦੇਨਜ਼ਰ ਜ਼ੁਬਾਨੀ ਤੌਰ ’ਤੇ ਡਿਪਟੀ ਕਮਿਸ਼ਨਰਾਂ ਤੇ ਐੱਸਐੱਸਪੀਜ਼ ਨੂੰ ਹਦਾਇਤਾਂ ਜਾਰੀ ਕੀਤੀਆਂ ਸਨ, ਇਹੀ ਕਾਰਨ ਹੈ ਕਿ ਫਿਲਮ ਪੰਜਾਬ ਦੇ ਕਿਸੇ ਸਿਨੇਮਾ ਘਰ ਦੀ ਸ਼ਿੰਗਾਰ ਨਹੀ ਬਣ ਸਕੀ। ਇਸ ਪਿੱਛੇ ਇਕ ਹੋਰ ਕਾਰਨ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿਚ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰ ਰਹੇ ਹਨ ਅਤੇ ‘ਆਪ’ ਚੋਣਾਂ ਵਿਚ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਣਾ ਚਾਹੁੰਦੀ, ਜਿਸ ਨਾਲ ਪਾਰਟੀ ਨੂੰ ਦਿੱਲੀ ਵਿਚ ਕੋਈ ਨੁਕਸਾਨ ਹੋਵੇ।