ਨਾਭਾ, 9 ਜੁਲਾਈ:
ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਆਪਣੀ ਆਮਦਨ ਵਧਾਉਣ ਲਈ ਖੇਤੀ ਦੇ ਰਵਾਇਤੀ ਫ਼ਸਲੀ ਚੱਕਰ ਵਿੱਚੋਂ ਨਿਕਲਕੇ ਸਹਾਇਕ ਧੰਦੇ ਤੇ ਖਾਸ ਕਰਕੇ ਮੱਛੀ ਪਾਲਣ ਦਾ ਧੰਦਾ ਅਪਨਾਉਣ। ਡਿਪਟੀ ਕਮਿਸ਼ਨਰ ਅੱਜ ਮੱਛੀ ਪਾਲਣ ਵਿਭਾਗ ਪਟਿਆਲਾ ਵੱਲੋਂ ਪੰਜਾਬ ਸਟੇਟ ਫਿਸ਼ਰੀਜ ਡਿਵੈਲਪਮੈਂਟ ਬੋਰਡ ਦੇ ਸਹਿਯੋਗ ਨਾਲ ਕਿਸਾਨਾਂ ਲਈ ਨਾਭਾ ਵਿਖੇ ਰਾਸ਼ਟਰੀ ਮੱਛੀ ਕਿਸਾਨ ਦਿਵਸ ਮੌਕੇ ਉਲੀਕੇ ਗਏ ਇੱਕ ਰੋਜਾ ਟ੍ਰੇਨਿੰਗ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸਨ।
ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸੂਬੇ ਦੇ ਕਿਸਾਨਾਂ ਨੂੰ ਖੁਸ਼ਹਾਲ ਬਣਾਉਣ ਲਈ ਉਚੇਚੇ ਯਤਨ ਕਰਦਿਆਂ ਕਿਸਾਨ ਭਲਾਈ ਸਕੀਮਾਂ ਉਲੀਕੀਆਂ ਹਨ, ਜਿਨ੍ਹਾਂ ਦਾ ਲਾਭ ਲੈਕੇ ਕਿਸਾਨ ਮੱਛੀ ਪਾਲਣ ਧੰਦੇ ਨੂੰ ਵੀ ਆਪਣੀ ਆਮਦਨ ਵਿੱਚ ਇਜ਼ਾਫ਼ਾ ਕਰਨ ਲਈ ਵਰਤ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਨੌਜਵਾਨ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੱਛੀ ਪਾਲਣ ਦਾ ਧੰਦਾ ਅਪਨਾਉਣ ਜਿਸ ਲਈ ਮੱਛੀ ਪਾਲਣ ਵਿਭਾਗ ਵੱਲੋ ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਯੋਜਨਾ ਅਧੀਨ ਨਵੇਂ ਤਲਾਬ ਦੀ ਪਲੇਨ ਜਮੀਨ ਉਪਰ ਪੁਟਾਈ, ਫੀਡ ਮਿਲ ਦੀ ਸਥਾਪਨਾ, ਮੋਟਰ ਸਾਇਕਲ ਵਿੱਦ ਆਈਸ ਬਾਕਸ, ਥ੍ਰੀਹ ਵਹੀਲਰ ਵਿਦ ਆਈਸ ਬਾਕਸ, ਬਾਇਓਫਲਾਕ, ਆਰ.ਏ.ਐਸ ਸਿਸਟਮ ਯੁਨਿਟਾਂ ਦੀ ਸਥਾਪਨਾ ਆਦਿ ਉੱਪਰ 40 ਤੋਂ 60 ਫੀਸਦੀ ਤੱਕ ਸਬਸਿਡੀ ਪ੍ਰਦਾਨ ਕੀਤੀ ਜਾ ਰਹੀ ਹੈ।
ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਸਾਲ 2023-24 ਵਿੱਚ ਜਿਲ੍ਹੇ ਦੇ ਅਜਿਹੇ ਲਾਭਪਾਤਰੀਆਂ ਨੂੰ ਲਗਭਗ 28 ਲੱਖ ਰੁਪਏ ਦੀ ਸਬਸਿਡੀ ਪ੍ਰਦਾਨ ਕੀਤੀ ਗਈ ਹੈ। ਪਿਛਲੇ ਸਾਲ ਹੜ੍ਹਾਂ ਦੌਰਾਨ ਮੱਛੀ ਪਾਲਕਾਂ ਦੇ ਤਲਾਬਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਐਨ.ਡੀ.ਆਰ.ਐਫ਼ ਤੇ ਐਸ.ਡੀ.ਆਰ.ਐਫ. ਅਧੀਨ ਸਰਕਾਰ ਵੱਲੋਂ ਲਗਭਗ 26 ਲੱਖ ਰੁਪਏ ਦੀ ਰਾਸ਼ੀ ਵੰਡੀ ਗਈ ਸੀ। ਉਹਨਾਂ ਕਿਹਾ ਕਿ ਮੱਛੀ ਪਾਲਣ ਇਕ ਵਧੀਆ ਰੋਜ਼ਗਾਰ ਹੈ ਅਤੇ ਇਹ ਕੰਮ ਲਾਭਪਾਤਰੀਆਂ ਲਈ ਚੋਖੀ ਕਮਾਈ ਦਾ ਸਾਧਨ ਹੈ। ਇਸ ਮੋਕੇ ਸਬਸਿਡੀ ਪ੍ਰਾਪਤ ਕਰ ਚੁੱਕੇ ਲਾਭਪਾਤਰੀਆਂ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ।
ਸਿਖਲਾਈ ਕੈਂਪ ਵਿੱਚ ਜ਼ਿਲ੍ਹਾ ਮੁਖੀ ਸਹਾਇਕ ਡਾਇਰੈਕਟਰ ਮੱਛੀ ਪਾਲਣ ਕਰਮਜੀਤ ਸਿੰਘ ਨੇ ਕਿਸਾਨਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ, ਸਕੀਮਾਂ, ਨਵੀਆਂ ਤਕਨੀਕਾਂ ਅਤੇ ਇੰਸ਼ੋਰੈਂਸ ਸਬੰਧੀ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ। ਫਾਰਮ ਸੁਪਰਡੈਂਟ, ਨਾਭਾ ਦਵਿੰਦਰ ਸਿੰਘ ਬੇਦੀ ਨੇ ਮੱਛੀ ਪੂੰਗ ਦੇ ਉਤਪਾਦਨ, ਪੈਕਿੰਗ ਤੇ ਟ੍ਰਾਂਸਪੋਟੇਸ਼ਨ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਮੱਛੀ ਕਿਸਾਨਾਂ ਸਮੇਤ ਮੱਛੀ ਵਿਕਰੇਤਾਵਾਂ ਤੇ ਹੋਰ ਕਿਸਾਨਾਂ ਨੂੰ ਮੱਛੀ ਪਾਲਣ ਵਿਭਾਗ ਨੇ ਨਵੀਆਂ ਸਕੀਮਾਂ ਰੀ-ਸਰਕੀਉਲੇਟਰੀ ਐਕੁਆ ਕਲਚਰ ਸ਼ਿਸਟਮ (ਆਰ.ਏ.ਐਸ) ਅਤੇ ਬਾਇਓਫਲਾਕ ਤਕਨੀਕਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਡਿਪਟੀ ਕਮਿਸ਼ਨਰ ਨੇ ਇਸ ਤੋਂ ਬਾਅਦ ਸਰਕਾਰੀ ਮੱਛੀ ਪੂੰਗ ਫਾਰਮ ਬੀੜ ਦੋਸਾਂਝ ਨਾਭਾ ਦਾ ਵੀ ਦੌਰਾ ਕੀਤਾ ਜਿਥੇ ਉਹਨਾਂ ਨੇ ਮੱਛੀ ਪਾਲਣ ਉਤਪਾਦਨ ਸਬੰਧੀ ਹੈਚਰੀਆਂ, ਨਰਸਰੀਆਂ ਅਤੇ ਬਰੂਡ ਸਟਾਕ ਦਾ ਮੁਆਇਨਾ ਕੀਤਾ। ਫਾਰਮ ਵਿਖੇ ਉਨ੍ਹਾਂ ਨੇ ਇੱਕ ਬੂਟਾ ਵੀ ਲਗਾਇਆ। ਡਿਪਟੀ ਕਮਿਸ਼ਨਰ ਨੇ ਫਾਰਮ ਦੀ ਚਾਰਦੀਵਾਰੀ ਤੇ ਟੈਂਕਾਂ ਦੇ ਨਵੀਨੀਕਰਨ ਸਬੰਧੀ ਲੋਕ ਨਿਰਮਾਣ ਵਿਭਾਗ ਵੱਲੋਂ ਕਰਵਾਏ ਜਾ ਰਹੇ ਕੰਮਾਂ ਦਾ ਜਾਇਜ਼ਾ ਵੀ ਲਿਆ।ਇਸ ਮੌਕੇ ਵਿਭਾਗੀ ਸਟਾਫ ਤਰਸੇਮ ਚੰਦ ਸ਼ਰਮਾ, ਸਿਕੰਦਰ, ਰਜਿੰਦਰ ਸਿੰਘ, ਗੁਰਮੀਤ ਸਿੰਘ, ਨਰਾਇਣ ਸਿੰਘ, ਗੁਰਚਰਨ ਸਿੰਘ ਆਦਿ ਵੀ ਹਾਜ਼ਰ ਸਨ।