ਫਿਰੋਜਪੁਰ, 18 ਸਤੰਬਰ (ਸੰਦੀਪ ਟੰਡਨ)- ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਕਮੇਟੀ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਪੋਜੋ ਕੇ ਦੀ ਅਗਵਾਈ ਹੇਠ ਫਿਰੋਜ਼ਪੁਰ ਵਿਖੇ ਹੋਈ। ਇਸ ਮੀਟਿੰਗ ਅੰਦਰ ਜ਼ਿਲ੍ਹੇ ਵਿਚ ਚੱਲ ਰਹੇ ਵੱਖ ਵੱਖ ਘੋਲਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਪਿੰਡ ਸ਼ੇਰਖਾਂ ਵਾਸੀ ਗਰੀਬ ਪਰਿਵਾਰ ਨਾਲ ਠੱਗੀ ਮਾਰਨ ਵਾਲੇ ਦਿਲਬਾਗ ਸਿੰਘ ਕਰਮੂਵਾਲਾ ਦੇ ਘਰ ਅੱਗੇ 25 ਸਤੰਬਰ ਨੂੰ ਧਰਨਾ ਲਾਉਣ ਦਾ ਐਲਾਨ ਕੀਤਾ ਗਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਆਗੂਆਂ ਨੇ ਕਿਹਾ ਕਿ ਪਿੰਡ ਸ਼ੇਰਖਾਂ ਦੇ ਇੱਕ ਮਾਸਟਰ ਬਲਜੀਤ ਸਿੰਘ ਤੋਂ ਕੁਝ ਪੈਸੇ ਦਿਲਬਾਗ ਸਿੰਘ ਕਰਮੂੰਵਾਲਾ ਨੇ ਆਪਣੀ ਆੜਤ ਦਾ ਕੰਮ ਚਲਾਉਣ ਲਈ ਉਧਾਰ ਲੈ ਸਨ, ਪਰ ਬਲਜੀਤ ਸਿੰਘ ਦੀ ਮੌਤ ਤੋਂ ਬਾਅਦ ਦਿਲਬਾਗ ਸਿੰਘ ਨੇ ਉਸਦੇ ਪਰਿਵਾਰ ਦੇ ਪੈਸੇ ਦੇਣ ਤੋਂ ਪਾਸਾ ਵੱਟ ਲਿਆ। ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਸਬੰਧੀ ਕਈ ਵਾਰ ਪੰਚਾਇਤਾਂ ਹੋ ਚੁੱਕੀਆਂ ਹਨ, ਪਰ ਦਿਲਬਾਗ ਸਿੰਘ ਵੱਲੋਂ ਪੈਸੇ ਦੇਣ ਦੀ ਬਜਾਏ ਸਿਆਸੀ ਲੋਕਾਂ ਰਾਹੀਂ ਪੀੜਤ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦਿਆਂ ਠੱਗ ਦਿਲਬਾਗ ਸਿੰਘ ਕਰਮੂਵਾਲਾ ਦੇ ਘਰ ਸਾਹਮਣੇ 25 ਸਤੰਬਰ ਨੂੰ ਧਰਨਾ ਲਾਇਆ ਜਾਵੇਗਾ। ਆਗੂਆਂ ਨੇ ਦੱਸਿਆ ਕਿ ਇਸ ਪਰਿਵਾਰ ਤੋਂ ਇਲਾਵਾ ਵੀ ਇਲਾਕੇ ਅਤੇ ਪਿੰਡ ਵਾਸੀ ਦਰਜਨਾਂ ਪਰਿਵਾਰਾਂ ਨਾਲ ਦਿਲਬਾਗ ਸਿੰਘ ਵੱਲੋਂ ਠੱਗੀ ਮਾਰੀ ਜਾ ਚੁੱਕੀ ਹੈ। ਕਿਸਾਨ ਆਗੂਆਂ ਨੇ ਇਲਾਕਾ ਨਿਵਾਸੀ ਲੋਕਾਂ ਨੂੰ ਬੇਨਤੀ ਕੀਤੀ ਕਿ ਇਸ ਰੋਸ ਧਰਨੇ ਵਿੱਚ ਵੱਡੀ ਗਿਣਤੀ ਵਿਚ ਸ਼ਾਮਲ ਹੋਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਮੀਤ ਪ੍ਰਧਾਨ ਰਣਜੀਤ ਸਿੰਘ ਝੋਕ, ਜ਼ਿਲ੍ਹਾ ਸਕੱਤਰ ਸੁਰਜੀਤ ਕੁਮਾਰ ਬਜੀਦਪੁਰ, ਜ਼ਿਲ੍ਹਾ ਆਗੂ ਮਾਸਟਰ ਦੇਸਰਾਜ, ਗੁਰਭੇਜ ਸਿੰਘ ਲੋਹੜਾ ਨਵਾਬ, ਗੁਰਨਾਮ ਸਿੰਘ, ਗੁਰਪ੍ਰੀਤ ਸਿੰਘ, ਰੇਸ਼ਮ ਸਿੰਘ ਦਿਲਾਰਾਮ, ਬਖਸ਼ੀਸ਼ ਸਿੰਘ ਮਿਸ਼ਰੀਵਾਲਾ, ਸਾਗਰ ਬਾਰੇ ਕੇ ਆਦਿ ਆਗੂ ਹਾਜ਼ਰ ਸਨ।