ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਸਥਾਨ ਦੀ ਕਾਂਗਰਸ ਸਰਕਾਰ ’ਤੇ ਤਨਜ਼ ਕਸਦਿਆਂ ਕਿਹਾ ਕਿ ਇਹ ਪਾਰਟੀ ਇੱਕ ਕ੍ਰਿਕਟ ਟੀਮ ਦੀ ਤਰ੍ਹਾਂ ਹੈ ਜਿਸ ਦੇ ਪੰਜ ਸਾਲ ਇੱਕ-ਦੂਜੇ ਨੂੰ ਰਨ ਆਊਟ ਕਰਨ ਵਿੱਚ ਲੰਘੇ ਹਨ।
ਚੁਰੂ ਜ਼ਿਲ੍ਹੇ ’ਚ ਤਾਰਾਨਗਰ ਹਲਕੇ ਤੋਂ ਭਾਜਪਾ ਉਮੀਦਵਾਰ ਰਾਜੇਂਦਰ ਰਾਠੌੜ ਦੇ ਹੱਕ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ 25 ਨਵੰਬਰ ਨੂੰ ਭਾਜਪਾ ਦੇ ਹੱਕ ’ਚ ਵੋਟਾਂ ਪਾਉਣ ਦੀ ਅਪੀਲ ਕੀਤੀ। ਝੁਨਝੁਨੂ ’ਚ ਕਾਂਗਰਸ ਨੂੰ ਨਿਸ਼ਾਨੇ ’ਤੇ ਲੈਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਰਟੀ ਨੇ ਭ੍ਰਿਸ਼ਟਾਚਾਰ, ਪਰਿਵਾਰਵਾਦ ਤੇ ਤੁਸ਼ਟੀਕਰਨ ਦੀ ਰਵਾਇਤ ਕਾਇਮ ਕੀਤੀ ਹੈ ਜਿਸ ਨੇ ਦੇਸ਼ ਦਾ ਵੱਡੇ ਪੱਧਰ ’ਤੇ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਭਾਰਤ ਦੇ ਨੌਜਵਾਨਾਂ ਨੂੰ ਮੌਕੇ ਨਹੀਂ ਮਿਲ ਰਹੇ। ਇਸੇ ਤਰ੍ਹਾਂ ਚੁਰੂ ’ਚ ਜਨਤਕ ਰੈਲੀ ਦੌਰਾਨ ਮੋਦੀ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਉਨ੍ਹਾਂ ਦੇ ਸਾਬਕਾ ਡਿਪਟੀ ਸਚਿਨ ਪਾਇਲਟ ਵਿਚਾਲੇ ਸੱਤਾ ਨੂੰ ਲੈ ਕੇ ਚੱਲ ਰਹੀ ਕਸ਼ਮਕਸ਼ ਦਾ ਹਵਾਲਾ ਦਿੰਦਿਆਂ ਕਿਹਾ, ‘ਕ੍ਰਿਕਟ ਵਿੱਚ ਬੱਲੇਬਾਜ਼ ਆਉਂਦਾ ਹੈ ਤੇ ਆਪਣੀ ਟੀਮ ਲਈ ਦੌੜਾਂ ਬਣਾਉਂਦਾ ਹੈ। ਪਰ ਕਾਂਗਰਸ ਵਿੱਚ ਦੌੜਾਂ ਬਣਾਉਣ ਦੀ ਥਾਂ ਆਪਸ ਵਿੱਚ ਬਹੁਤ ਲੜਾਈ ਹੈ। ਇਸ ਦੇ ਆਗੂਆਂ ਨੇ ਪੰਜ ਸਾਲ ਇੱਕ-ਦੂਜੇ ਨੂੰ ਰਨ ਆਊਟ ਕਰਨ ਦੀ ਕੋਸ਼ਿਸ਼ ਵਿੱਚ ਲੰਘਾਏ ਹਨ।’ ਉਨ੍ਹਾਂ ਦੀ ਇਹ ਟਿੱਪਣੀ ਅੱਜ ਅਹਿਮਦਾਬਾਦ ਵਿੱਚ ਭਾਰਤ ਤੇ ਆਸਟਰੇਲੀਆ ਵਿਚਾਲੇ ਖੇਡੇ ਗਏ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਮੈਚ ਦੌਰਾਨ ਆਈ ਹੈ। ਉਨ੍ਹਾਂ ਕਿਹਾ, ‘ਜਦੋਂ ਟੀਮ ਹੀ ਮਾੜੀ ਹੋਵੇ ਤਾਂ ਉਹ ਕੀ ਦੌੜਾਂ ਬਣਾਏਗੀ ਤੇ ਤੁਹਾਡੇ ਲਈ ਕੀ ਕੰਮ ਕਰੇਗੀ?’ ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਰਾਜਸਥਾਨ ਵਿੱਚ ਸੱਤਾ ’ਚ ਆਉਂਦੀ ਹੈ ਤਾਂ ਉਹ ਸਾਰੇ ਭ੍ਰਿਸ਼ਟ ਲੋਕਾਂ ਨੂੰ ਬਾਹਰ ਕੱਢੇਗੀ ਅਤੇ ਸੂਬੇ ਦਾ ਵਿਕਾਸ ਕਰੇਗੀ। ਉਨ੍ਹਾਂ ਲੋਕਾਂ ਨੂੰ ਕਿਹਾ, ‘ਤੁਸੀਂ ਕਾਂਗਰਸ ਤੋਂ ਜਿੰਨਾ ਦੂਰ ਰਹੋਗੇ, ਓਨਾ ਹੀ ਰਾਜਸਥਾਨ ਨੂੰ ਬਚਾਓਗੇ ਤੇ ਓਨਾ ਹੀ ਆਪਣਾ ਭਵਿੱਖ ਸੁਰੱਖਿਅਤ ਕਰੋਗੇ।’ ਉਨ੍ਹਾਂ ਰਾਜਸਥਾਨ ਵਿੱਚ ਜਲ ਜੀਵਨ ਮਿਸ਼ਨ ਘੁਟਾਲੇ ਦਾ ਜ਼ਿਕਰ ਕਰਦਿਆਂ ਕਿਹਾ, ‘ਕਾਂਗਰਸ ਤੇ ਚੰਗੀ ਨੀਯਤ ਵਿਚਾਲੇ ਰਿਸ਼ਤਾ ਬਿਲਕੁਲ ਉਸੇ ਤਰ੍ਹਾਂ ਦਾ ਹੈ ਜਿਵੇਂ ਹਨੇਰੇ ਤੇ ਰੋਸ਼ਨੀ ਦਾ ਹੁੰਦਾ ਹੈ। ਪੀਣ ਵਾਲੇ ਪਾਣੀ ਲਈ ਅਲਾਟ ਫੰਡ ਖਾਣ ਵਾਲੀ ਸਰਕਾਰ ਦੀ ਨੀਅਤ ਕਿਵੇਂ ਦੀ ਹੋ ਸਕਦੀ ਹੈ।’ ਉਨ੍ਹਾਂ ਕਿਹਾ ਕਿ ਕਾਂਗਰਸ ਤੇ ਵਿਕਾਸ ਇੱਕ ਦੂਜੇ ਦੇ ਦੁਸ਼ਮਣ ਹਨ ਤੇ ਹਮੇਸ਼ਾ ਰਹਿਣਗੇ।