ਪਟਿਆਲਾ, 21 ਜੂਨ:
ਬਾਗਬਾਨੀ ਵਿਭਾਗ ਵੱਲੋਂ ਗਰਮੀਆਂ ਵਿੱਚ ਬਾਗਾਂ ਦੀ ਸੰਭਾਲ ਲਈ ਅਡਵਾਈਜ਼ਰੀ ਜਾਰੀ ਕੀਤੀ ਗਈ ਬਾਗਬਾਨੀ ਵਿਕਾਸ ਅਫ਼ਸਰ ਪਟਿਆਲਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਚੱਲ ਰਹੇ ਗਰਮ ਮੌਸਮ ਕਾਰਨ ਫ਼ਲਾਂ ਦਾ ਕੇਰਾ ਵਧ ਸਕਦਾ ਹੈ।
ਇਸ ਲਈ ਅੰਬ, ਲੀਚੀ, ਨਾਸ਼ਪਾਤੀ, ਨਿੰਬੂ ਜਾਤੀ ਦੇ ਬਾਗਾਂ ਆਦਿ ਵਿੱਚ ਲਗਾਤਾਰ ਸਿੱਲ ਬਣਾਈ ਰੱਖੋ ਅਤੇ ਸਿੰਚਾਈਆਂ ਕਰਦੇ ਰਹੋ। ਫ਼ਲਦਾਰ ਬੂਟਿਆਂ ਦੇ ਮੁੱਢਾਂ ਨੂੰ ਤਿੱਖੀ ਧੁੱਪ ਤੋਂ ਬਚਾਉਣ ਲਈ ਕਲੀ ਦੇ ਘੋਲ ਦਾ ਲੇਪ ਕੀਤਾ ਜਾ ਸਕਦਾ ਹੈ ।
ਉਨ੍ਹਾਂ ਦੱਸਿਆ ਕਿ ਛੋਟੇ ਫ਼ਲਦਾਰ ਬੂਟਿਆਂ ਨੂੰ ਤੇਜ ਗਰਮੀ ਤੋਂ ਬਚਾਉਣ ਲਈ ਪਰਾਲੀ ਜਾਂ ਖ਼ਜ਼ੂਰ ਦੇ ਪੱਤਿਆਂ ਨਾਲ ਛਾ ਕੀਤੀ ਜਾ ਸਕਦੀ ਹੈ ਅਤੇ ਇਹਨਾਂ ਨੂੰ ਲਗਾਤਾਰ ਹਲਕਾ ਪਾਣੀ ਦਿੱਤਾ ਜਾਵੇ। ਅਮਰੂਦ ਦੇ ਫਲਾਂ ਨੂੰ ਕਾਣੇ ਹੋਣ ਤੋਂ ਬਚਾਉਣ ਲਈ ਜੂਨ ਜੁਲਾਈ ਮਹੀਨੇ ਦੌਰਾਨ ਫ਼ਲ ਦੀ ਮੱਖੀ ਨੂੰ ਕੰਟਰੋਲ ਕਰਨ ਲਈ ਟਰੈਪ ਲਗਾਇਆ ਜਾ ਸਕਦਾ ਹੈ। ਇਹ ਟਰੈਪ ਬਾਗਬਾਨੀ ਵਿਭਾਗ ਦੇ ਬਾਰਾਂਦਰੀ ਬਾਗ਼ ਵਿਖੇ ਸਥਿਤ ਦਫਤਰ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇੱਕ ਏਕੜ ਅਮਰੂਦ ਦੇ ਬਾਗ਼ ਵਿੱਚ 16 ਟਰੈਪ ਲਗਦੇ ਹਨ।