ਗਾਜ਼ਾ ਸਿਟੀ ’ਚ ਘਾਤ ਲਗਾ ਕੇ ਕੀਤੇ ਗਏ ਹਮਲੇ ’ਚ ਇਜ਼ਰਾਈਲ ਦੇ ਸੱਤ ਫ਼ੌਜੀ ਮਾਰੇ ਗਏ ਹਨ। ਇਜ਼ਰਾਇਲੀ ਮੀਡੀਆ ਮੁਤਾਬਕ ਫ਼ੌਜ ਨੂੰ ਹਮਾਸ ਖ਼ਿਲਾਫ਼ ਕਾਰਵਾਈ ਦੌਰਾਨ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਾਜ਼ਾ ਸਿਟੀ ਦੇ ਆਲੇ-ਦੁਆਲੇ ਇਜ਼ਰਾਇਲੀ ਦਸਤਿਆਂ ਨੂੰ ਫਲਸਤੀਨੀ ਲੜਾਕਿਆਂ ਤੋਂ ਭਾਰੀ ਟੱਕਰ ਮਿਲ ਰਹੀ ਹੈ। ਲੋਕਾਂ ਮੁਤਾਬਕ ਕਈ ਇਲਾਕਿਆਂ ਖਾਸ ਕਰਕੇ ਸ਼ਿਜਾਯੇਹ ’ਚ ਗਹਿਗੱਚ ਲੜਾਈ ਹੋ ਰਹੀ ਹੈ। ਇਕ ਫਲਸਤੀਨੀ ਕਿਸਾਨ ਮੁਸਤਫ਼ਾ ਅਬੂ ਤਾਹਾ ਨੇ ਕਿਹਾ ਕਿ ਜੰਗ ਕਾਰਨ ਹਾਲਾਤ ਇਹੋ ਜਿਹੇ ਹੋ ਗਏ ਹਨ ਕਿ ਉਨ੍ਹਾਂ ਨੂੰ ਨੀਂਦ ਤੱਕ ਨਹੀਂ ਆ ਰਹੀ ਹੈ। ਉਸ ਨੇ ਕਿਹਾ ਕਿ ਹਾਲਾਤ ਦਿਨੋ-ਦਿਨ ਵਿਗੜਦੇ ਜਾ ਰਹੇ ਹਨ ਅਤੇ ਹੁਣ ਕੋਈ ਸੁਰੱਖਿਅਤ ਥਾਂ ਨਹੀਂ ਬਚੀ ਹੈ ਜਿਥੇ ਉਹ ਜਾ ਸਕਣ। ਇਜ਼ਰਾਇਲੀ ਮੀਡੀਆ ਨੇ ਕਿਹਾ ਕਿ ਗਾਜ਼ਾ ਸਿਟੀ ਦੇ ਸ਼ਿਜਾਯੇਹ ’ਚ ਫ਼ੌਜ ’ਤੇ ਘਾਤ ਲਗਾ ਕੇ ਹਮਲਾ ਕੀਤਾ ਗਿਆ ਜਿਸ ’ਚ ਸੱਤ ਜਵਾਨ ਮਾਰੇ ਗਏ। ਗਾਜ਼ਾ ’ਚ ਪਿਛਲੀ ਜੰਗ ਦੌਰਾਨ ਵੀ ਇਸੇ ਇਲਾਕੇ ’ਚ ਗਹਿਗੱਚ ਮੁਕਾਬਲਾ ਦੇਖਣ ਨੂੰ ਮਿਲਿਆ ਸੀ। ਖ਼ਾਨ ਯੂਨਿਸ ’ਚ ਦੋ ਰਿਹਾਇਸ਼ੀ ਇਮਾਰਤਾਂ ’ਤੇ ਹਵਾਈ ਹਮਲੇ ਕਾਰਨ ਦੋ ਬੱਚਿਆਂ ਅਤੇ ਦੋ ਔਰਤਾਂ ਦੀ ਮੌਤ ਹੋ ਗਈ। ਕੈਂਪਾਂ ’ਚ ਰਹਿ ਰਹੇ ਫਲਸਤੀਨੀ ਰਾਹਤ ਸਮੱਗਰੀ ਨਾ ਮਿਲਣ ਕਾਰਨ ਪਹਿਲਾਂ ਹੀ ਪ੍ਰੇਸ਼ਾਨ ਸਨ ਪਰ ਹੁਣ ਮੋਹਲੇਧਾਰ ਮੀਂਹ ਨੇ ਉਨ੍ਹਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ।
ਇਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਦੱਸਿਆ ਹੈ ਕਿ ਅੰਨ੍ਹੇਵਾਹ ਕੀਤੀ ਜਾ ਰਹੀ ਬੰਬਾਰੀ ਕਾਰਨ ਇਜ਼ਰਾਈਲ ਕੌਮਾਂਤਰੀ ਹਮਾਇਤ ਗੁਆਉਂਦਾ ਜਾ ਰਿਹਾ ਹੈ ਅਤੇ ਉਸ ਨੂੰ ਆਪਣੀ ਸਰਕਾਰ ’ਚ ਬਦਲਾਅ ਕਰਨਾ ਚਾਹੀਦਾ ਹੈ ਜਿਸ ’ਚ ਕੱਟੜ ਸੱਜੇ ਪੱਖੀ ਧਿਰਾਂ ਦਾ ਦਬਦਬਾ ਹੈ। ਪਰ ਦੇਖਣ ’ਚ ਆ ਰਿਹਾ ਹੈ ਕਿ ਜੰਗ ਲਈ ਬਣਾਈ ਗਈ ਕੈਬਨਿਟ ਨੂੰ ਲੋਕਾਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ ਅਤੇ ਉਸ ਨੇ ਅਮਰੀਕੀ ਸੁਝਾਅ ਨੂੰ ਵੀ ਖਾਰਜ ਕਰ ਦਿੱਤਾ ਹੈ।