ਸਿਰਸਾ, 22 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)- ਬਹੁਚਰਚਿਤ ਏਅਰ ਹੋਸਟੈਸ ਗੀਤਿਕਾ ਸ਼ਰਮਾ ਕਤਲਕਾਂਡ ਮਾਮਲੇ ‘ਚ ਰਾਊਜ਼ ਐਵੇਨਿਊ ਕੋਰਟ ਨੇ ਵੀਰਵਾਰ ਨੂੰ ਹਰਿਆਣਾ ਦੇ ਸਿਰਸਾ ਤੋਂ ਦੋਸ਼ੀ ਵਿਧਾਇਕ ਗੋਪਾਲ ਕਾਂਡਾ ‘ਤੇ ਫੈਸਲਾ ਟਾਲ ਦਿੱਤਾ ਹੈ। ਕੋਰਟ ਹੁਣ 25 ਜੁਲਾਈ ਨੂੰ ਆਪਣਾ ਫੈਸਲਾ ਸੁਣਾਏਗੀ। ਦੱਸ ਦੇਈਏ ਕਿ ਕੋਰਟ ਦੇ ਫੈਸਲੇ ‘ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਪਰ ਕੋਰਟ ਨੇ ਫੈਸਲੇ ਲਈ ਕੁਝ ਸਮਾਂ ਹੋਰ ਲਿਆ ਹੈ। ਅਜਿਹੇ ‘ਚ ਹੁਣ ਅਗਲੀ ਤਾਰੀਖ਼ ‘ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
ਹਰਿਆਣਾ ਦੇ ਸਾਬਕਾ ਗ੍ਰਹਿ ਰਾਜ ਮੰਤਰੀ ਗੋਪਾਲ ਕਾਂਡਾ ਦੀ ਏਅਰਲਾਈਜ਼ ‘ਚ ਏਅਰ ਹੋਸਟੈੱਸ ਦੇ ਤੌਰ ‘ਤੇ ਕੰਮ ਕਰ ਚੁੱਕੀ ਗੀਤਿਕਾ ਨੇ 5 ਅਗਸਤ, 2012 ਨੂੰ ਦਿੱਲੀ ਦੇ ਅਸ਼ੋਕ ਵਿਹਾਰ ‘ਚ ਆਪਣੇ ਘਰ ਖ਼ੁਦਕੁਸ਼ੀ ਕਰ ਲਈ ਸੀ। ਉਸ ਕੋਲੋਂ ਇਕ ਖ਼ੁਦਕੁਸ਼ੀ ਨੋਟ ਵੀ ਮਿਲਿਆ ਸੀ, ਜਿਸ ‘ਚ ਉਸ ਨੇ ਇਸ ਕਦਮ ਲਈ ਕਾਂਡਾ ਅਤੇ ਉਸ ਦੀ ਕੰਪਨੀ ਦੇ ਸੀਨੀਅਰ ਮੈਨੇਜਰ ਅਰੁਣਾ ਚੱਢਾ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਗੀਤਿਕਾ ਖ਼ੁਦਕੁਸ਼ੀ ਮਾਮਲੇ ਨੂੰ ਲੈ ਕੈ ਕਾਂਡਾ ਨੂੰ 8 ਮਹੀਨਿਆਂ ਤੱਕ ਜੇਲ੍ਹ ‘ਚ ਰਹਿਣ ਪਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਮਾਰਚ 2014 ‘ਚ ਜ਼ਮਾਨਤ ਮਿਲ ਗਈ। ਇਹ ਜ਼ਮਾਨਤ ਕਾਂਡਾ ਨੂੰ ਉਨ੍ਹਾਂ ਦੇ ਸਹਿ ਦੋਸ਼ੀ ਅਰੁਣਾ ਚੱਢਾ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ ਦੇ ਆਧਾਰ ‘ਤੇ ਮਿਲੀ ਸੀ।
ਇਹ ਵੀ ਦੱਸ ਦੇਈਏ ਕਿ ਗੀਤਿਕਾ ਦੀ ਮੌਤ ਦੇ ਕਰੀਬ 9 ਮਹੀਨਿਆਂ ਬਾਅਦ ਮਾਂ ਅਨੁਰਾਧਾ ਸ਼ਰਮਾ ਨੇ ਵੀ ਧੀ ਦੀ ਤਰ੍ਹਾਂ ਹੀ ਖ਼ੁਦ ਨੂੰ ਫ਼ਾਂਸੀ ਲਾ ਕੇ ਖ਼ੁਦਕੁਸ਼ੀ ਕਰ ਲਈ ਸੀ। ਅਨੁਰਾਧਾ ਆਪਣੀ ਧੀ ਦੀ ਸੁਣਵਾਈ ‘ਚ ਹੋ ਰਹੀ ਦੇਰੀ ਨੂੰ ਲੈ ਕੇ ਕਾਫ਼ੀ ਪਰੇਸ਼ਾਨ ਰਹਿੰਦੀ ਸੀ। ਗੀਤਿਕਾ ਸ਼ਰਮਾ ਦੇ ਖ਼ੁਦਕੁਸ਼ੀ ਮਾਮਲੇ ‘ਚ ਦਿੱਲੀ ਪੁਲਸ ਨੇ ਗੋਪਾਲ ਕਾਂਡਾ ਦੇ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ ਅਤੇ ਮਾਮਲਾ ਦਰਜ ਕੀਤਾ ਗਿਆ ਸੀ।