ਕੇਂਦਰ ਸਰਕਾਰ ਨੇ ਉਮੀਦ ਜਤਾਈ ਹੈ ਪਿਆਜ਼ ਦਾ ਭਾਅ ਜੋ ਹੁਣ 57.02 ਰੁਪਏ ਪ੍ਰਤੀ ਕਿੱਲੋ ਚੱਲ ਰਿਹਾ ਹੈ ਇਹ ਨਵੇਂ ਵਰ੍ਹੇ ਜਨਵਰੀ ’ਚ 40 ਰੁਪਏ ਪ੍ਰਤੀ ਕਿੱਲੋ ਤੋਂ ਹੇਠਾਂ ਰਹੇਗਾ। ਖਪਤਕਾਰ ਮਾਮਲਿਆਂ ਬਾਰੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਕਿਹਾ ਕਿ ਪਿਛਲੇ ਹਫ਼ਤੇ ਸਰਕਾਰ ਨੇ ਪਿਆਜ਼ ਦੀ ਬਰਾਮਦ ’ਤੇ ਮਾਰਚ ਮਹੀਨੇ ਤਕ ਪਾਬੰਦੀ ਲਗਾ ਦਿੱਤੀ ਸੀ। ਇਸ ਕਾਰਨ ਪਿਆਜ਼ ਦਾ ਭਾਅ ਜੋ ਕੌਮੀ ਰਾਜਧਾਨੀ ’ਚ 80 ਰੁਪਏ ਤੋਂ ਉਪਰ ਚੱਲ ਰਿਹਾ ਸੀ ਉਹ ਮੰਡੀਆਂ ’ਚ 60 ਰੁਪਏ ਪ੍ਰਤੀ ਕਿੱਲੋ ਤਕ ਆ ਗਿਆ ਸੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪਿਆਜ਼ ਦਾ ਭਾਅ 40 ਰੁਪਏ ਤੋਂ ਕਦੋਂ ਘਟੇਗਾ ਤਾਂ ਉਨ੍ਹਾਂ ਕਿਹਾ, ‘‘ਬਹੁਤ ਜਲਦੀ….. ਜਨਵਰੀ।’’ ਉਨ੍ਹਾਂ ਕਿਹਾ ਕਿ ਪਿਆਜ਼ ਦੀ ਬਰਾਮਦ ਬੰਦ ਹੋਣ ਨਾਲ ਕਿਸਾਨਾਂ ’ਤੇ ਕੋਈ ਅਸਰ ਨਹੀਂ ਪਵੇਗਾ ਅਤੇ ਇਸ ਦਾ ਅਸਰ ਕੁਝ ਛੋਟੇ ਵਪਾਰੀਆਂ ਦੇ ਸਮੂਹ ’ਤੇ ਪਵੇਗਾ ਜੋ ਭਾਰਤੀ ਅਤੇ ਬੰਗਲਾਦੇਸ਼ ਦੇ ਬਾਜ਼ਾਰਾਂ ਵਿੱਚਲੀਆਂ ਕੀਮਤਾਂ ਦੇ ਅੰਤਰ ਦਾ ਫਾਇਦਾ ਉਠਾ ਰਹੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਸ ਦਾ ਲਾਭ ਕਿਸ ਨੂੰ ਹੋਵੇਗਾ, ਤਾਂ ਉਨ੍ਹਾਂ ਕਿਹਾ ਕਿ ਭਾਰਤੀ ਖਪਤਕਾਰ ਨੂੰ। ਇਸੇ ਦੌਰਾਨ ਨਿਰਯਾਤ ’ਤੇ ਪਾਬੰਦੀ ਦੇ ਖਿਲਾਫ ਮਹਾਰਾਸ਼ਟਰ ’ਚ ਪਿਆਜ਼ ਉਤਪਾਦਕਾਂ ਦੇ ਵਿਰੋਧ ’ਤੇ ਕੇਂਦਰ ਨੇ ਸੋਮਵਾਰ ਨੂੰ ਕਿਹਾ ਕਿ ਉਹ ਆਪਣੇ ਬਫਰ ਲਈ ਸਾਉਣੀ ਦੀ ਲਗਪਗ 2 ਲੱਖ ਟਨ ਫਸਲ ਦੀ ਖਰੀਦ ਕਰੇਗੀ।