ਕੈਬਨਿਟ ਮੰਤਰੀ ਸੰਦੀਪ ਸਿੰਘ ਨੇ ਅੱਜ ਬ੍ਰਹਮਾਜੁਨ ਤੀਰਥ ਰੋਡ ’ਤੇ ਨਵੇਂ ਬਣੇ ਕਮਿਊਨਿਟੀ ਸੈਂਟਰ ਦਾ ਉਦਘਾਟਨ ਕੀਤਾ| ਉਨ੍ਹਾਂ ਕਿਹਾ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਲੋਕਾਂ ਨੂੰ ਉਨ੍ਹਾਂ ਦੇ ਸਮਾਜਿਕ ਕਾਰਜਾਂ ਲਈ ਨਿਸ਼ਚਿਤ ਸਥਾਨ ਮਿਲੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਦੇਣ ਲਈ ਸਰਕਾਰ ਵਚਨਬੱਧ ਹੈ। ਇਲਾਕਾ ਨਿਵਾਸੀ ਕਾਫੀ ਸਮੇਂ ਤੋਂ ਇਸ ਕਮਿਊਨਿਟੀ ਸੈਂਟਰ ਦੀ ਉਡੀਕ ਕਰ ਰਹੇ ਸਨ। ਵਾਰਡ ਨੰਬਰ 11 ਵਿੱਚ ਕਰੀਬ 2 ਕਰੋੜ 40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਇਸ ਕਮਿਊਨਿਟੀ ਸੈਂਟਰ ਦਾ ਰਸਮੀ ਉਦਘਾਟਨ ਕਰਦਿਆਂ ਸੰਦੀਪ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਨੇ ਪਿਹੋਵਾ ਅਤੇ ਇਸਮਾਈਲਾਬਾਦ ਦੇ ਕਮਿਊਨਿਟੀ ਸੈਂਟਰਾਂ ਦੇ ਨਿਰਮਾਣ ਕਾਰਜ ਨੂੰ ਮਨਜ਼ੂਰੀ ਦਿੱਤੀ ਸੀ, ਜੋ ਕਿ ਤਿਆਰ ਹਨ। ਉਨ੍ਹਾਂ ਕਿਹਾ ਕਿ ਆਧੁਨਿਕ ਤਰੀਕੇ ਨਾਲ ਬਣੀਆਂ ਇਨ੍ਹਾਂ ਇਮਾਰਤਾਂ ਵਿੱਚ ਜਨਤਾ ਨੂੰ ਹਰ ਸਹੂਲਤ ਮਿਲੇਗੀ। ਲੋਕ ਇੱਥੇ ਵਿਆਹ ਅਤੇ ਹੋਰ ਸਮਾਗਮ ਆਯੋਜਿਤ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਸਮਾਈਲਾਬਾਦ ਬਾਈਪਾਸ ’ਤੇ ਬਣੇ ਕਮਿਊਨਿਟੀ ਸੈਂਟਰ ਤੋਂ ਆਸ-ਪਾਸ ਦੇ ਕਰੀਬ 40 ਪਿੰਡਾਂ ਨੂੰ ਫਾਇਦਾ ਹੋਵੇਗਾ। ਸਰਕਾਰ ਨੇ ਇਸ ’ਤੇ ਕਰੀਬ 3 ਕਰੋੜ ਰੁਪਏ ਖਰਚੇ ਹਨ। ਇਨ੍ਹਾਂ ਇਮਾਰਤਾਂ ਵਿੱਚ ਕਮਰਿਆਂ ਦੇ ਨਾਲ-ਨਾਲ ਵੱਡੇ ਹਾਲਾਂ ਦਾ ਵੀ ਪ੍ਰਬੰਧ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਨਗਰ ਕੌਂਸਲ ਖੇਤਰ ਵਿੱਚ ਕਰੀਬ 4 ਕਰੋੜ 30 ਕਰੋੜ ਰੁਪਏ ਦੀ ਲਾਗਤ ਨਾਲ 26 ਵਿਕਾਸ ਕਾਰਜ ਬਹੁਤ ਜਲਦੀ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 11 ਵਿੱਚ ਕ੍ਰਿਕਟ ਅਕੈਡਮੀ ਲਈ 50 ਲੱਖ ਰੁਪਏ ਦਾ ਬਜਟ ਨਗਰ ਕੌਂਸਲ ਕੋਲ ਪਹੁੰਚ ਗਿਆ ਹੈ। ਅਕੈਡਮੀ ਵਾਲੀ ਥਾਂ ਤੋਂ ਕਬਜ਼ੇ ਹਟਾਉਣ ਦੀ ਪ੍ਰਕਿਰਿਆ ਵੀ ਮੁਕੰਮਲ ਕਰ ਲਈ ਗਈ ਹੈ। ਇਸ ਤੋਂ ਇਲਾਵਾ ਸਰਕਾਰੀ ਹਸਪਤਾਲ ਦੀ ਨਵੀਂ ਇਮਾਰਤ ਵਿੱਚ 80 ਲੱਖ ਰੁਪਏ ਦੀ ਲਾਗਤ ਨਾਲ ਆਕਸੀਜਨ ਪਲਾਂਟ ਲਗਾਇਆ ਗਿਆ ਹੈ। ਜਲਦ ਹੀ ਹਸਪਤਾਲ ਦਾ ਉਦਘਾਟਨ ਵੀ ਕੀਤਾ ਜਾਵੇਗਾ। ਸੂਬਾ ਮੰਤਰੀ ਨੇ ਕਿਹਾ ਕਿ ਸਰਸਵਤੀ ਤੀਰਥ ਦੇ ਨਵੀਨੀਕਰਨ ’ਤੇ 15 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਦੇ ਨਾਲ ਘਾਟਾਂ ਦੇ ਨਵੀਨੀਕਰਨ ਦੇ ਨਾਲ-ਨਾਲ ਮਾਂ ਸਰਸਵਤੀ ਦੁਆਰ ਦੇ ਨਵੀਨੀਕਰਨ ਦਾ ਕੰਮ ਵੀ ਕੀਤਾ ਜਾਵੇਗਾ। ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕੋਈ ਵੀ ਵਿਕਾਸ ਪ੍ਰਾਜੈਕਟ ਪੈਂਡਿੰਗ ਨਾ ਰੱਖਿਆ ਜਾਵੇ, ਜੇਕਰ ਕੋਈ ਸਮੱਸਿਆ ਹੈ ਤਾਂ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇ। ਜਨਤਾ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਅਸ਼ੀਸ਼, ਐੱਸਡੀਐੱਮ ਸੋਨੂੰ ਰਾਮ, ਮੰਡਲ ਪ੍ਰਧਾਨ ਰਾਕੇਸ਼ ਪੁਰੋਹਿਤ, ਵਾਰਡ ਨੰ. 11 ਦੇ ਕੌਂਸਲਰ ਜੈਪਾਲ ਕੌਸ਼ਕ, ਸੁਰਿੰਦਰ ਢੀਂਗਰਾ, ਰਵੀਕਾਂਤ ਕੌਸ਼ਕ, ਜੱਸੀ ਮਾਨ, ਰਾਜੇਸ਼ ਗੋਇਲ, ਵਿਕਾਸ ਚੋਪੜਾ, ਦਲਜੀਤ ਸਿੰਘ, ਗਗਨ ਟਾਂਕ, ਰੌਕੀ ਸ਼ਰਮਾ, ਡਾ. ਜੋਗਿੰਦਰ ਸਿੰਘ ਬੇਦੀ, ਪ੍ਰਿੰਸ ਗਰਗ, ਵਿਕਾਸ ਗਰਗ, ਲਵਪ੍ਰੀਤ ਸਿੰਘ ਖਹਿਰਾ, ਜੇ.ਪੀ ਰਾਮਗੜ੍ਹ ਰੋਡ, ਵਿਕਾਸ ਚੌਬੇ, ਸੰਦੀਪ ਮੋੜ, ਸੁਖਬੀਰ ਕਾਲਸਾ ਆਦਿ ਹਾਜ਼ਰ ਸਨ।