ਪਟਿਆਲਾ, 9 ਫਰਵਰੀ (ਪ੍ਰੈਸ ਕੀ ਤਾਕਤ ਬਿਊਰੋ) ਸ੍ਰੀ ਗੁਰੂ ਤੇਗ ਬਹਾਦਰ ਰਾਸ਼ਟਰੀ ਏਕਤਾ ਚੇਅਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਸ੍ਰੀ ਗੁਰੂ ਤੇਗ ਬਹਾਦਰ : ਸਮਾਜਿਕ ਅਤੇ ਅਧਿਆਤਮਕ ਪਰਿਪੇਖ’ ਦੇ ਵਿਸ਼ੇ ਤੇ ਦੋ ਰੋਜ਼ਾ ਵੈਬੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦੇਸ਼ ਅਤੇ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸਰੋਤੇ ਜੁੜੇ।
ਸ੍ਰੀ ਗੁਰੂ ਤੇਗ ਬਹਾਦਰ ਰਾਸ਼ਟਰੀ ਏਕਤਾ ਚੇਅਰ ਦੇ ਮੁਖੀ ਡਾ. ਦਲਜੀਤ ਸਿੰਘ ਨੇ ਪ੍ਰਮੁੱਖ ਬੁਲਾਰਿਆਂ ਅਤੇ ਸਾਰੇ ਸਰੋਤਿਆਂ ਦਾ ਸਵਾਗਤ ਕਰਦਿਆ ਵੈਬੀਨਾਰ ਦੇ ਵਿਸ਼ੇ ਸੰਬੰਧੀ ਜਾਣਕਾਰੀ ਦਿੰਦੇ ਕਿਹਾ ਕਿ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਦੇ ਕੇ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਦੀ ਅਦੁੱਤੀ ਉਦਾਹਰਣ ਦਿੱਤੀ ਅਤੇ ਭਾਰਤੀ ਸਭਿਆਚਾਰ, ਰਾਸ਼ਟਰੀ ਏਕਤਾ ਅਤੇ ਵੰਨ-ਸਵੰਨਤਾ ਨੂੰ ਬਚਾਇਆ।
ਡਾ. ਜਗਬੀਰ ਸਿੰਘ, ਸਾਬਕਾ ਪ੍ਰੋਫੈਸਰ ਅਤੇ ਮੁਖੀ, ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ ਨੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਪੱਛਮੀ ਸਭਿੱਅਤਾ ਦੇ ਪ੍ਰਭਾਵ ਨੇ ਮਨੁੱਖ ਨੂੰ ਪਦਾਰਥਵਾਦੀ ਬਣਾ ਦਿੱਤਾ ਹੈ ਅਤੇ ਇਸ ਨਾਲ ਸਮਾਜਿਕ ਨੇੜਤਾ ਦੇ ਅਹਿਸਾਸ ਵਿੱਚ ਕਮੀ ਆਈ ਹੈ। ਉਨ੍ਹਾਂ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਬੈਰਾਗ ਤੋਂ ਭਾਵ ਸਮਾਜਿਕ ਬੁਰਾਈਆਂ ਅਤੇ ਭੌਤਿਕ ਪਦਾਰਥਾਂ ਤੋਂ ਨਿਰਲੇਪਤਾ ਹੈ। ਗੁਰੂ ਸਾਹਿਬ ਨੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਦੇ ਹੋਏ ਆਪਣਾ ਜੀਵਨ ਬਲੀਦਾਨ ਕੀਤਾ। ਉਨ੍ਹਾਂ ਦੀ ਸ਼ਹਾਦਤ ਜਬਰੀ ਧਰਮ ਪਰਿਵਰਤਨ ਅਤੇ ਧਾਰਮਿਕ ਅਸਹਿਣਸ਼ੀਲਤਾ ਦੇ ਵਿਰੋਧ ਵਿੱਚ ਇੱਕ ਐਲਾਨ ਸੀ, ਕਿਉਂਕਿ ਉਸ ਸਮੇਂ ਧਰਮ ਦਾ ਸਿਆਸੀਕਰਨ ਹੋ ਰਿਹਾ ਸੀ।
ਧਰਮ ਅਧਿਐਨ ਵਿਭਾਗ ਤੋਂ ਡਾ. ਪਰਮਵੀਰ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕਰਦੇ ਹੋਏ ਗੁਰਬਾਣੀ ਸੰਬੰਧੀ ਕਈ ਨਵੇਂ ਤੱਥਾਂ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਗੁਰੂ ਸਾਹਿਬ ਦੀ ਬਾਣੀ ਮਨੁੱਖ ਨੂੰ ਸੰਸਾਰਿਕ ਜੀਵਨ ਤੋਂ ਅਧਿਆਤਮਕ ਜੀਵਨ ਵੱਲ ਪ੍ਰੇਰਿਤ ਕਰਦੀ ਹੈ।