ਇਜ਼ਰਾਇਲੀ ਫੌਜਾਂ ਨੇ ਇਸਲਾਮਿਕ ਦਹਿਸ਼ਤੀ ਸਮੂਹ ਹਮਾਸ ਦੇ ਕਬਜ਼ੇ ਵਾਲੀ ਗਾਜ਼ਾ ਪੱਟੀ ’ਤੇ ਐਤਵਾਰ ਨੂੰ ਜ਼ਮੀਨੀ ਹਮਲੇ ਤੇਜ਼ ਕਰਨ ਦੀ ਤਿਆਰੀ ਕੱਸ ਲਈ ਹੈ। ਉਧਰ ਇਰਾਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਜ਼ਰਾਈਲ ਨੇ ਬੰਬਾਰੀ ਨਾ ਰੋਕੀ ਤਾਂ ਉਸ ਨੂੰ ਇਸ ਦੇ ‘ਦੂਰਗਾਮੀ ਸਿੱਟ’ ਭੁਗਤਣੇ ਹੋਣਗੇ। ਇਜ਼ਰਾਈਲ ਨੇ ਅੱਠ ਦਿਨ ਪਹਿਲਾਂ ਹਮਾਸ ਲੜਾਕਿਆਂ ਵੱਲੋਂ ਇਜ਼ਰਾਇਲੀ ਕਸਬਿਆਂ ਵਿੱਚ ਕੀਤੀ ਗਈ ਭੰਨਤੋੜ ਦਾ ਬਦਲਾ ਲੈਣ ਲਈ ਦਹਿਸ਼ਤੀ ਸਮੂਹ ਨੂੰ ਖਤਮ ਕਰਨ ਦੀ ਸਹੁੰ ਖਾਧੀ ਹੈ। ਇਸ ਦੌਰਾਨ ਇਜ਼ਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਦਹਿਸ਼ਤੀ ਸਮੂਹ ਹਿਜ਼ਬੁੱਲ੍ਹਾ, ਜੋ ਉੱਤਰ ਵਾਲੇ ਪਾਸਿਓਂ ਇਜ਼ਰਾਈਲ ਦਾ ਗੁਆਂਢ ਮੱਥਾ ਹੈ, ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਇਕ ਹੋਰ ਮੋਰਚੇ ਤੋਂ ਜੰਗ ਨਾ ਸ਼ੁਰੂ ਕਰੇ। ਨੇਤਨਯਾਹੂ ਨੇ ਕਿਹਾ ਕਿ ਹਿਜ਼ਬੁੱਲ੍ਹਾ ਨੇ ਜੇਕਰ ਅਜਿਹਾ ਕੀਤਾ ਤਾਂ ਉਹ ‘ਲਬਿਨਾਨ ਦੀ ਤਬਾਹੀ ਲਈ ਤਿਆਰ ਰਹੇ।’’
ਉਧਰ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅੱਜ ਸਵੇਰੇ ਰਿਆਧ ਵਿੱਚ ਸਾਊਦੀ ਪ੍ਰਿੰਸ ਮੁਹੰਮਦ ਬਨਿ ਸਲਮਾਨ ਨਾਲ ਬੈਠਕ ਕੀਤੀ ਹੈ। ਅਮਰੀਕੀ ਅਧਿਕਾਰੀ ਨੇ ਕਿਹਾ ਕਿ ਬਲਿੰਕਨ ਇਜ਼ਰਾਈਲ ਤੇ ਫਲਸਤੀਨ ਵਿਚਾਲੇ ਜਾਰੀ ਟਕਰਾਅ ਨੂੰ ਹੋਰ ਵੱਡਾ ਵਿਵਾਦ ਬਣਨ ਤੋਂ ਰੋਕਣ ਤੇ ਬੰਦੀਆਂ ਦੀ ਰਿਹਾਈ ਲਈ ਖੇਤਰੀ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਇਸ ਦੌਰਾਨ ਫਲਸਤੀਨ ਦੇ ਸਿਹਤ ਮੰਤਰਾਲੇ ਮੁਤਾਬਕ ਗਾਜ਼ਾ ਪੱਟੀ ਤੇ ਪੱਛਮੀ ਕੰਢੇ ’ਤੇ ਮਾਰੇ ਗਏ ਫਲਸਤੀਨੀਆਂ ਦੀ ਗਿਣਤੀ 2383 ਨੂੰ ਪੁੱਜ ਗਈ ਹੈ ਜਦੋਂਕਿ ਜ਼ਖ਼ਮੀਆਂ ਦਾ ਅੰਕੜਾ 11000 ਨੇੜੇ ਢੁੱਕਣ ਲੱਗਾ ਹੈ। ਇਜ਼ਰਾਈਲ ਤੇ ਹਮਾਸ ਵਿਚਾਲੇ 7 ਅਕਤੂਬਰ ਤੋਂ ਜਾਰੀ ਜੰਗ ਮਗਰੋਂ ਹੁਣ ਤੱਕ ਇਕੱਲੇ ਗਾਜ਼ਾ ਵਿਚ 2329 ਫਲਸਤੀਨੀ ਮਾਰੇ ਗਏ ਹਨ ਜਦੋਂਕਿ 9714 ਜ਼ਖਮੀ ਹਨ। ਪੱਛਮੀ ਕੰਢੇ ਵਿਚ 54 ਮੌਤਾਂ ਦਰਜ ਕੀਤੀਆਂ ਗਈਆਂ ਹਨ ਤੇ 1100 ਵਿਅਕਤੀ ਜ਼ਖ਼ਮੀ ਹਨ। ਦਸ ਲੱਖ ਤੋਂ ਵੱਧ ਲੋਕ ਆਪਣੇ ਘਰ ਬਾਹਰ ਛੱਡ ਚੁੱਕੇ ਹਨ।