ਡੇਂਗੂ ਤੋਂ ਬਚਾਅ ਲਈ ਲੋਕਾਂ ਨੂੰ ਕੀਤਾ ਜਾ ਰਿਹੈ ਜਾਗਰੂਕ
ਬਰਨਾਲਾ, 21 ਅਗਸਤ(ਰਾਕੇਸ਼ ਗੋਇਲ):- ਸਿਹਤ ਵਿਭਾਗ ਬਰਨਾਲਾ ਵੱਲੋਂ ਸ. ਤੇਜ ਪ੍ਰਤਾਪ ਸਿੰਘ ਫੂਲਕਾ ,ਡਿਪਟੀ ਕਮਿਸਨਰ ਬਰਨਾਲਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅਤੇ ਡਾ. ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਦੀ ਯੋਗ ਅਗਵਾਈ ਵਿੱਚ ਜ਼ਿਲ੍ਹੇ ਭਰ ਵਿੱਚ ਡੇਂਗੂ ਮਲੇਰੀਆ ਤੋਂ ਬਚਾਅ ਲਈ ਜ਼ਿਲ੍ਹਾ ਪੱਧਰ ਤੋਂ ਲੈ ਕੇ ਬਲਾਕ ਪੱਧਰ ਤੱਕ ਰੈਪਿਡ ਰਿਸਪੌਂਸ ਟੀਮਾਂ ਦਾ ਗਠਨ ਅਤੇ ਬਲਾਕ ਪੱਧਰ ਤੱਕ ਵੱਖਰੇ ਡੇਂਗੂ ਵਾਰਡ ਦਾ ਪ੍ਰਬੰਧ ਕੀਤਾ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਸਿਵਲ ਸਰਜਨ ਨੇ ਦੱਸਿਆ ਕਿ ਜੇਕਰ ਕਿਸੇ ਇਲਾਕੇ ਵਿੱਚ ਡੇਂਗੂ ਦਾ ਕੇਸ ਪਾਇਆ ਜਾਂਦਾ ਹੈ ਤਾਂ ਸਬੰਧਿਤ ਇਲਾਕੇ (ਕੇਸ ਵਾਲੇ ਘਰ) ਦੇ ਆਲੇ-ਦੁਆਲੇ ਦੇ 100 ਘਰਾਂ ਵਿੱਚ ਸਪੈਸਲ ਫੀਵਰ ਸਰਵੇ ਕੀਤਾ ਜਾਵੇਗਾ ਤੇ ਬੁਖ਼ਾਰ ਦੇ ਮਰੀਜਾਂ ਨੂੰ ਦਵਾਈ, ਲੋਕਾਂ ਨੂੰ ਮੱਛਰ ਕੱਟਣ ਤੋਂ ਬਚਾਅ ਬਾਰੇ ਉਪਾਅ ਅਤੇ ਮੱਛਰ ਦੇ ਲਾਰਵੇ ਨੂੰ ਬਰੀਡਿੰਗ ਚੈਕਰ ਰਾਹੀਂ ਤੁਰੰਤ ਨਸ਼ਟ ਕੀਤਾ ਜਾਵੇਗਾ।
ਡਾ. ਔਲ਼ਖ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਟੀਮਾਂ ਬਣਾ ਕੇ ਪਿੰਡਾਂ ਤੇ ਸ਼ਹਿਰਾਂ ਵਿੱਚ ਸਰਪੰਚਾ, ਮੈਂਬਰਾਂ, ਸਕੂਲ ਅਧਿਆਪਕਾਂ ਸਕੂਲੀ ਬੱਚਿਆ ਅਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਜ਼ਿਲ੍ਹੇ ਭਰ ਵਿੱਚ ਵੱਡੇ ਪੱਧਰ ‘ਤੇ ਡੇਂਗੂ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਹਫ਼ਤੇ ਵਿੱਚ ਇਕ ਵਾਰ ਆਪਣੇ ਕੂਲਰ, ਏ.ਸੀ., ਫਰਿੱਜ ਦੀਆਂ ਟਰੇਆਂ ਅਤੇ ਹੋਰ ਪਾਣੀ ਦੇ ਕੰਟੇਨਰ ਜ਼ਰੂਰ ਸਾਫ਼ ਕਰਨ, ਆਪਣੀਆਂ ਛੱਤਾਂ ਤੇ ਆਲੇ-ਦੁਆਲੇ ਟੁੱਟੇ ਪੁਰਾਣੇ ਡੱਬੇ ,ਪੀਪੇ, ਘੜੇ ਅਤੇ ਪੁਰਾਣੇ ਟਾਇਰ ਨਾ ਰੱਖੇ ਜਾਣ ਅਤੇ ਓਵਰਹੈਡ ਟੈਂਕਾਂ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਿਆ ਜਾਵੇ ਤੇ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਵਜੋਂ ਮਨਾਇਆ ਜਾਣਾ ਚਾਹੀਦਾ ਹੈ ।
ਸਿਵਲ ਸਰਜਨ ਨੇ ਦੱਸਿਆ ਕਿ ਸ਼ਹਿਰਾਂ ਦੀ ਸਫ਼ਾਈ ਦੇ ਖਾਸ ਧਿਆਨ ਵਜੋਂ ਫੋਗਿੰਗ ਕਰਵਾਈ ਜਾ ਰਹੀ ਹੈ । ਪਿੰਡਾਂ ਵਿੱਚ ਪੇਂਡੂ ਸਿਹਤ ਤੇ ਸਫ਼ਾਈ ਕਮੇਟੀਆਂ ਦੇ ਸਹਿਯੋਗ ਨਾਲ ਪਿੰਡਾਂ ਦੀ ਸਫ਼ਾਈ ਅਤੇ ਖੜ੍ਹੇ ਪਾਣੀ ਵਿੱਚ ਕਾਲੇ ਤੇਲ ਦਾ ਛਿੜਕਾਅ ਕਰਵਾਇਆ ਜਾ ਰਿਹਾ ਹੈ । ਇਸਦੇ ਨਾਲ ਹੀ ਟਾਇਰਾਂ ਵਾਲੀਆਂ ਦੁਕਾਨਾਂ ਦੀ ਸ਼ਨਾਖਤ ਕਰਕੇ ਪਾਣੀ ਦੀਆਂ ਡਿੱਗੀਆਂ ਰੋਜ਼ਾਨਾ ਸਾਫ਼ ਕਰਨ ਅਤੇ ਪੁਰਾਣੇ ਟਾਇਰਾਂ ਨੂੰ ਛੱਤ ਹੇਠਾਂ ਹੀ ਰੱਖਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਟੀਮਾਂ ਵੱਲੋਂ ਨਵੀਂ ਉਸਾਰੀ ਵਾਲੀਆਂ ਥਾਵਾਂ ਤੇ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਪ੍ਰੇਰਿਆ ਜਾ ਰਿਹਾ ਹੈ ਕਿ ਉਹ ਪਾਣੀ ਦੇ ਖੁੱਲ੍ਹੇ ਸੋਮਿਆਂ ਨੂੰ ਢੱਕ ਕੇ ਰੱਖਣ।
ਡਾ. ਮੁਨੀਸ਼ ਕੁਮਾਰ ਜ਼ਿਲ੍ਹਾ ਐਪੀਡਿਮੋਲੋਜਿਸ਼ਟ ਅਤੇ ਗੁਰਮੇਲ ਸਿੰਘ ਢਿੱਲੋਂ ਹੈਲਥ ਇੰਸਪੈਕਟਰ ਨੇ ਦੱਸਿਆ ਕਿ ਸਿਵਲ ਹਸਪਤਾਲ ਬਰਨਾਲਾ ਨੂੰ ਸੈਟੀਨਲ ਸਰਵੇ ਸੈਂਟਰ ਬਣਾਇਆ ਗਿਆ ਹੈ, ਜਿੱਥੇ ਡੇਂਗੂ ਅਲੀਜਾ ਟੈਸਟ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਐਕਟਿਵ ਅਤੇ ਪੈਸਿਵ ਸਰਵੇਲੈਂਸ ਰਾਹੀਂ ਮਲੇਰੀਆ/ਡੇਂਗੂ/ਚਿਕਨਗੁਨੀਆਂ ਆਦਿ ਕੇਸ ਲੱਭਕੇ ਉਨ੍ਹਾਂ ਦਾ ਸਰਕਾਰੀ ਸਿਹਤ ਸੰਸਥਾਂ ਵਿੱਚ ਮੁਫ਼ਤ ਇਲਾਜ ਕੀਤਾ ਜਾਵੇਗਾ।
ਕੁਲਦੀਪ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਅਤੇ ਹਰਜੀਤ ਸਿੰਘ ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਵੱਲੋਂ ਪਿੰਡ ਪੱਧਰ ਤੱਕ ਸੰਚਾਰ ਦੇ ਵੱਖ-ਵੱਖ ਸਾਧਨਾਂ (ਰੇਡੀਓ,ਟੀ.ਵੀ.,ਅਖਬਾਰਾਂ,ਮੁਨਿਆਦੀ ਤੇ ਸੋਸ਼ਲ ਮੀਡੀਆ) ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਡੇਂਗੂ ਤੋਂ ਹਰ ਸੰਭਵ ਢੰਗ ਰਾਹੀ ਬਚਾਅ ਕੀਤਾ ਜਾ ਸਕੇ।