ਰੈਪਰ ਤੇ ਗਾਇਕ ਯੋ ਯੋ ਹਨੀ ਸਿੰਘ ਨੇ 2013 ਵਿੱਚ ਆਈ ਫਿਲਮ ‘ਚੇਨਈ ਐਕਸਪ੍ਰੈੱਸ’ ਦੇ ਆਪਣੇ ਗੀਤ ‘ਲੂੰਗੀ ਡਾਂਸ’ ਵਿੱਚ ਮੋਰਾਕੋ ਦਾ ਅੰਦਾਜ਼ ਸ਼ਾਮਲ ਕੀਤਾ ਹੈ। ਇਸ ਵੇਲੇ ਗਾਇਕ ਮੋਰਾਕੋ ਵਿੱਚ ਸ਼ੂਟਿੰਗ ਕਰ ਰਿਹਾ ਹੈ ਜਿਸ ਦੌਰਾਨ ਉਸ ਨੇ ਇਸ ਗੀਤ ਦੀ ਇੱਕ ਕਲਿੱਪ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ। ਕਲਿੱਪ ਵਿੱਚ ਹਨੀ ਸਿੰਘ ਨੇ ਉਥੋਂ ਦਾ ਪ੍ਰੰਪਰਕ ਲਿਬਾਜ਼ ਕਾਫਤਾਨ ਪਾਇਆ ਹੋਇਆ ਹੈ ਤੇ ਉਹ ਮੋਰਾਕੋ ਦੇ ਅੰਦਾਜ਼ ਵਿੱਚ ਇਹ ਗੀਤ ਗਾ ਰਿਹਾ ਹੈ। ਜ਼ਿਕਰਯੋਗ ਹੈ ਕਿ ਫਿਲਮ ‘ਚੇਨਈ ਐਕਸਪ੍ਰੈੱਸ’ ਵਿੱਚ ਇਸ ਗੀਤ ਨੂੰ ਸ਼ਾਹਰੁਖ਼ ਖਾਨ ਤੇ ਦੀਪਿਕਾ ਪਾਦੂਕੋਨ ’ਤੇ ਫਿਲਮਾਇਆ ਗਿਆ ਸੀ। ਇਸ ਵੀਡੀਓ ਕਲਿੱਪ ਨਾਲ ਗਾਇਕ ਨੇ ਲਿਖਿਆ ਹੈ, ‘ਲੂੰਗੀ ਡਾਂਸ ਮੋਰਾਕੋ ਵਿੱਚ।’ ਇਸ ਮਗਰੋਂ ਗਾਇਕ ਨੇ ਫਿਲਮ ‘ਸ੍ਰੀ 420’ ਦਾ ਗੀਤ ‘ਦਿਲ ਕਾ ਹਾਲ ਸੁਨੇ ਦਿਲ ਵਾਲਾ’ ਵੀ ਇਸੇ ਅੰਦਾਜ਼ ਵਿੱਚ ਗੁਣਗੁਣਾਇਆ। ਇਸ ਗੀਤ ਦੀ ਵੀਡੀਓ ਸਾਂਝੀ ਕਰਨ ਲੱਗਿਆਂ ਵੀ ਹਨੀ ਸਿੰਘ ਨੇ ਲਿਖਿਆ ਹੈ, ‘ਮੋਰਾਕੋ ਸਟਾਈਲ ਵਿੱਚ ਦਿਲ ਕਾ ਹਾਲ।’ ਹਾਲਾਂਕਿ ਗਾਇਕ ਨੇ ਇਹ ਨਹੀਂ ਦੱਸਿਆ ਕਿ ਉਹ ਮੋਰਾਕੋ ਵਿੱਚ ਕੀ ਕਰਨ ਲਈ ਗਿਆ ਹੈ, ਪਰ ਉਸ ਦੀਆਂ ਇੰਸਟਾਗ੍ਰਾਮ ਪੋਸਟਾਂ ’ਤੇ ਨਿਗਾਹ ਮਾਰਿਆਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਕਿਸੇ ਪ੍ਰਾਜੈਕਟ ਦੇ ਸਿਲਸਿਲੇ ਵਿੱਚ ਉਥੇ ਗਿਆ ਹੈ।