ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਯੋਜਨਾਵਾਂ ਘੜਨ ਲਈ ਇੰਡੀਆ ਗੱਠਜੋੜ ਦੀ ਅਹਿਮ ਮੀਟਿੰਗ ਭਲਕੇ ਮੰਗਲਵਾਰ ਨੂੰ ਇੱਥੇ ਹੋਵੇਗੀ। ਮੀਟਿੰਗ ਦਾ ਮੁੱਖ ਏਜੰਡਾ ਲਈ ਸੀਟਾਂ ਦੀ ਵੰਡ, ਸਾਂਝੀ ਚੋਣ ਮੁਹਿੰਮ ਅਤੇ ਹਾਲੀਆ ਵਿਧਾਨ ਸਭਾ ਚੋਣਾਂ ’ਚ ਝਟਕੇ ਮਗਰੋਂ ਭਾਜਪਾ ਦੇ ਟਾਕਰੇ ਲਈ ਨਵੇਂ ਸਿਰੇ ਤੋਂ ਰਣਨੀਤੀ ਘੜਨ ਸਣੇ ਕਈ ਮੁੱਦਿਆਂ ’ਤੇ ਚਰਚਾ ਕਰਨਾ ਹੋਵੇਗਾ। ਇਹ ਮੀਟਿੰਗ ਦਿੱਲੀ ਦੇ ਅਸ਼ੋਕਾ ਹੋਟਲ ’ਚ ਹੋਵੇਗੀ, ਜਿਸ ਵਿੱਚ ਸ਼ਾਮਲ ਹੋਣ ਲਈ ਵੱਖ-ਵੱਖ ਪਾਰਟੀਆਂ ਦੇ ਕਈ ਨੇਤਾ ਦਿੱਲੀ ਪਹੁੰਚ ਚੁੱਕੇ ਹਨ।
ਇੰਡੀਆ ਗੱਠਜੋੜ ਸਾਹਮਣੇ ਤਤਕਾਲੀ ਚੁਣੌਤੀ ਗੱਠਜੋੜ ਲਈ ਇੱਕ ਕਨਵੀਨਰ, ਇੱਕ ਤਰਜਮਾਨ ਅਤੇ ਇਕ ਸਾਂਝੀ ਸਕੱਤਰੇਤ ’ਤੇ ਸਹਿਮਤੀ ਬਣਾਉਣ ਦੀ ਵੀ ਹੈ ਕਿਉਂਕਿ ਇਸ ਦੇ ਦਲਾਂ ਵਿਚਾਲੇ ਮਤਭੇਦਾਂ ਕਾਰਨ ਇਹ ਵੀ ਇੱਕ ਗੁੰਝਲਦਾਰ ਮੁੱਦਾ ਬਣਿਆ ਹੋਇਆ ਹੈ। ਸੂਤਰਾਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਮਾਜਵਾਦੀ ਪਾਰਟੀ ਅਤੇ ਡੀਐੱਮਕੇ ਵੱਲੋਂ ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ ਵਿੱੱਚ ਕਾਂਗਰਸ ਨਾਲ ਸੀਟਾਂ ਦੀ ਵੰਡ ਨੂੰ ਅੰਤਿਮ ਰੂਪ ਦਿੱਤੇ ਜਾਣ ਦੀ ਸੰਭਾਵਨਾ ਹੈ। ਹਾਲਾਂਕਿ ਪੱਛਮੀ ਬੰਗਾਲ, ਕੇਰਲਾ, ਪੰਜਾਬ ਅਤੇ ਦਿੱਲੀ ਵਿੱਚ ਇਸ ਮੁੱਦੇ ’ਤੇ ਭਾਈਵਾਲਾਂ ਵਿਚਾਲੇ ਹਾਲੇ ਪੇਚ ਫਸਿਆ ਹੋਇਆ ਹੈ।
ਇਸ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਅੱਜ ਇੱਥੇ ਤ੍ਰਿਣਮੂਲ ਕਾਂਗਰਸ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ‘ਇੰਡੀਆ’ ਗਠਜੋੜ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਫ਼ੈਸਲਾ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਕੀਤਾ ਜਾਵੇਗਾ। ਉਨ੍ਹਾਂ ਨੇ ਪੂਰੇ ਵਿਸ਼ਵਾਸ ਨਾਲ ਆਖਿਆ ਕਿ ਭਾਜਪਾ ਨੂੰ ਹਰਾਉਣ ਲਈ ਗਠਜੋੜ ਸੀਟਾਂ ਦੀ ਵੰਡ ਸਣੇ ਸਾਰੇ ਮੁੱਦਿਆਂ ਦਾ ਹੱਲ ਕੱਢ ਲਵੇਗਾ। ਉਨ੍ਹਾਂ ਨੇ ਇਸ ਗੱਲ ਨੂੰ ਖਾਰਜ ਕਰ ਦਿੱਤਾ ਕਿ ਇੰਡੀਆ ਗੱਠਜੋੜ ਨੇ ਤਾਲਮੇਲ ਬਣਾਉਣ ਲਈ ਗੁਆ ਦਿੱਤਾ ਹੈ ਅਤੇ ਆਖਿਆ ਕਿ ‘ਕਾਹਲੀ ਨਾਲੋਂ ਦੇਰ ਚੰਗੀ’ ਹੈ। ਬੈਨਰਜੀ ਨੇ ਉਤਸ਼ਾਹ ਨਾਲ ਕਿਹਾ ਕਿ ਪੱਛਮੀ ਬੰਗਾਲ ਵਿੱਚ ਉਨ੍ਹਾਂ ਦੀ ਤ੍ਰਿਣਮੂਲ ਕਾਂਗਰਸ (ਟੀਐੱਮਸੀ), ਕਾਂਗਰਸ ਅਤੇ ਖੱਬੇ ਪੱਖੀਆਂ ਵਿਚਾਲੇ ਤਿੰਨ ਧਿਰੀ ਗੱਠਜੋੜ ਦੀ ਬਹੁਤ ਸੰਭਾਵਨਾ ਹੈ। ਮਮਤਾ ਬੈਨਰਜੀ ਨੇ ਕਿਹਾ, ‘‘ਭਾਜਪਾ ਮਜ਼ਬੂਤ ਨਹੀਂ ਹੈ, ਅਸੀਂ ਕਮਜ਼ੋਰ ਹਾਂ। ਇਸ ’ਤੇ ਕਾਬੂ ਪਾਉਣ ਲਈ ਸਾਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ।’’ ਉਨ੍ਹਾਂ ਨੇ ਪ੍ਰਧਾਨ ਮੰਤਰੀ ਵੱਲੋਂ ਤੀਜੇ ਕਾਰਜਕਾਲ ਲਈ ਮੁੜ ਸੱਤਾ ’ਚ ਆਉਣ ਦੇ ਦਾਅਵੇ ’ਤੇ ਵੀ ਵਿਅੰਗ ਕੱਸਿਆ ਅਤੇ ਆਖਿਆ ਕਿ 2024 (ਦੀਆਂ ਲੋਕ ਸਭਾ ਚੋਣਾਂ) ਕੋਈ ਤੈਅ ਸੌਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਸਹਿਯੋਗੀਆਂ ਨਾਲ ਦੇਸ਼ ਭਰ ਮੁਹਿੰਮ ਚਲਾਉਣ ਲਈ ਤਿਆਰ ਹਨ। ਇਸ ਦੌਰਾਨ ਮਮਤਾ ਬੈਨਰਜੀ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵੀ ਮਿਲੇ ਅਤੇ ਦੇਸ਼ ਦੇ ਸਿਆਸੀ ਹਾਲਾਤ ਬਾਰੇ ਚਰਚਾ ਕੀਤੀ। ਦੂਜੇ ਪਾਸੇ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਬਿਹਾਰ ਉਪ ਮੁੱਖ ਮੰਤਰੀ ਅਤੇ ਆਰਜੇਡੀ ਨੇਤਾ ਤੇਜਸਵੀ ਯਾਦਵ ਨੇ ਕਿਹਾ ਕਿ ਪਹਿਲਾਂ ਕਾਇਮ ਕੀਤੀਆਂ ਕੰਮ ਕਰ ਰਹੀਆਂ ਹਨ ਅਤੇ ਚੋਣਾਂ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਵਿੱਚ ਹਰ ਕੋਈ ਆਪਣੀ ਭੂਮਿਕਾ ਨਿਭਾਏਗਾ ਅਤੇ ਦਾਅਵਾ ਕੀਤਾ ਕਿ ਖੇਤਰੀ ਪਾਰਟੀਆਂ ਬਹੁਤ ਮਜ਼ਬੂਤ ਹਨ।