ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਨੇ ਸ਼ਹਿਰ ਦੀ ਮਥੁਰਾ ਕਲੋਨੀ ਵਿੱਚ ਸਥਾਨਕ ਭਾਜਪਾ ਆਗੂ ਤੇ ਸਾਬਕਾ ਕੌਂਸਲਰ ਸੀਮਾ ਸ਼ਰਮਾ ਦੇ ਘਰ ’ਤੇ ਹਮਲਾ ਕਰ ਦਿੱਤਾ। ਹਥਿਆਰਾਂ ਨਾਲ ਲੈਸ ਇਹ ਵਿਅਕਤੀ ਤਿੰਨ ਕਾਰਾਂ ਵਿੱਚ ਆਏ ਅਤੇ ਸ਼ਰਮਾ ਦੇ ਘਰ ਦੀਆਂ ਖਿੜਕੀਆਂ ਦੀ ਭੰਨਤੋੜ ਕੀਤੀ। ਹਾਲਾਂਕਿ, ਸੁਰੱਖਿਆ ਗਰਿੱਲਾਂ ਦੀ ਮੌਜੂਦਗੀ ਕਾਰਨ, ਕੋਈ ਵੀ ਹਮਲਾਵਰ ਇਮਾਰਤ ਵਿੱਚ ਦਾਖਲ ਨਹੀਂ ਹੋ ਸਕਿਆ। ਸੀਮਾ ਸ਼ਰਮਾ ਮੁਤਾਬਕ ਹਮਲਾਵਰਾਂ ਨੇ ਗੋਲੀਆਂ ਵੀ ਚਲਾਈਆਂ। ਜ਼ਿਕਰਯੋਗ ਹੈ ਕਿ ਸੀਮਾ ਸ਼ਰਮਾ ਪਹਿਲਾਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਚੁੱਕੀ ਸੀ ਅਤੇ ਬਾਅਦ ਵਿੱਚ ਕਾਂਗਰਸ ਦੀ ਟਿਕਟ ’ਤੇ ਕੌਂਸਲਰ ਬਣੀ ਸੀ। ਬਾਅਦ ਵਿਚ ਉਹ ਕੁਝ ਸਮੇਂ ਲਈ ਅਕਾਲੀ ਦਲ ਵਿਚ ਸ਼ਾਮਲ ਹੋ ਗਈ ਅਤੇ ਹੁਣ ਭਾਜਪਾ ਵਿਚ ਸਰਗਰਮੀ ਨਾਲ ਸ਼ਾਮਲ ਹੈ। ਇਸ ਘਟਨਾ ਦੌਰਾਨ ਸੀਮਾ ਸ਼ਰਮਾ ਨੇ ਪੁਲੀਸ ’ਤੇ ਸਮੇਂ ਸਿਰ ਮੌਕੇ ’ਤੇ ਨਾ ਪੁੱਜਣ ਦਾ ਦੋਸ਼ ਲਾਇਆ ਹੈ, ਪਰ ਐਸਐਚਓ ਇੰਸਪੈਕਟਰ ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੁਲੀਸ ਮੁਲਾਜ਼ਮ 22 ਮਿੰਟਾਂ ਵਿੱਚ ਹੀ ਉਨ੍ਹਾਂ ਦੇ ਘਰ ਪੁੱਜ ਗਏ ਸਨ। ਸਬੂਤ ਵਜੋਂ ਸੀਸੀਟੀਵੀ ਫੁਟੇਜ ਵੀ ਉਪਲਬਧ ਹੈ।