ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਪਹਿਲਾ ਟੈਸਟ ਮੁਕਾਬਲਾ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿਚ ਵੈਸਟ ਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਹਿਲੇ ਦਿਨ ਭਾਰਤੀ ਗੇਂਦਬਾਜ਼ਾਂ ਨੇ ਜ਼ਬਰਦਸਤ ਗੇਂਦਬਾਜ਼ੀ ਕਰਦਿਆਂ ਮੇਜ਼ਬਾਨ ਟੀਮ ਨੂੰ 150 ਦੌੜਾਂ ‘ਚ ਹੀ ਸਮੇਟ ਦਿੱਤਾ। ਰਵਿਚੰਦਰਨ ਅਸ਼ਵਿਨ ਨੇ ਜ਼ਬਰਦਸਤ ਗੇਂਦਬਾਜ਼ੀ ਕਰਦਿਆਂ 5 ਵਿਕਟਾਂ ਆਪਣੇ ਨਾਂ ਕੀਤੀਆਂ ਸਨ। ਮੁਕਾਬਲੇ ਦੇ ਦੂਜੇ ਦਿਨ ਭਾਰਤੀ ਸਲਾਮੀ ਬੱਲੇਬਾਜ਼ਾਂ ਨੇ ਟੀਮ ਨੂੰ ਜ਼ਬਰਦਸਤ ਸ਼ੁਰੂਆਤ ਦੁਆਈ।
ਭਾਰਤ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ 2 ਵਿਕਟਾਂ ‘ਤੇ 312 ਦੌੜਾਂ ਬਣਾ ਲਈਆਂ ਹਨ। ਉਸ ਨੇ ਪਹਿਲੀ ਪਾਰੀ ਵਿੱਚ 162 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਹੈ। ਯਸ਼ਸਵੀ ਜੈਸਵਾਲ ਨੇ ਆਪਣੇ ਪਹਿਲੇ ਹੀ ਟੈਸਟ ਮੈਚ ਵਿੱਚ ਸੈਂਕੜਾ ਲਗਾ ਕੇ ਆਪਣੇ ਕਰੀਅਰ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਪਤਾਨ ਰੋਹਿਤ ਸ਼ਰਮਾ ਨਾਲ ਮਿਲ ਕੇ ਟੀਮ ਇੰਡੀਆ ਨੂੰ ਮਜ਼ਬੂਤ ਸਥਿਤੀ ‘ਚ ਪਹੁੰਚਾਇਆ। ਰੋਹਿਤ 104 ਦੌੜਾਂ ਬਣਾ ਕੇ ਆਊਟ ਹੋ ਗਏ। ਤੀਜੇ ਕ੍ਰਮ ‘ਤੇ ਬੱਲੇਬਾਜ਼ੀ ਕਰਨ ਆਏ ਸ਼ੁਭਮਨ ਗਿੱਲ 6 ਦੌੜਾਂ ਬਣਾ ਕੇ ਆਊਟ ਹੋ ਗਏ। ਯਸ਼ਸਵੀ ਨੇ ਰੋਹਿਤ ਨਾਲ ਪਹਿਲੀ ਵਿਕਟ ਲਈ 229 ਦੌੜਾਂ ਦੀ ਸਾਂਝੇਦਾਰੀ ਕੀਤੀ। ਉਹ ਸਟੰਪ ‘ਤੇ 143 ਦੌੜਾਂ ‘ਤੇ ਸਨ। ਇਸ ਦੇ ਨਾਲ ਹੀ ਸਾਬਕਾ ਕਪਤਾਨ ਵਿਰਾਟ ਕੋਹਲੀ 36 ਦੌੜਾਂ ਬਣਾ ਕੇ ਅਜੇਤੂ ਹਨ। ਵੈਸਟਇੰਡੀਜ਼ ਦੇ 9 ਗੇਂਦਬਾਜ਼ਾਂ ਨੇ ਗੇਂਦਬਾਜ਼ੀ ਕੀਤੀ ਪਰ ਸਿਰਫ਼ 2 ਨੇ ਹੀ ਸਫ਼ਲਤਾ ਹਾਸਲ ਕੀਤੀ। ਐਲਿਕ ਏਥਾਨੇਜ਼ ਨੇ ਰੋਹਿਤ ਨੂੰ ਆਊਟ ਕੀਤਾ ਅਤੇ ਜੋਮੇਲ ਵਾਰਿਕਨ ਨੇ ਸ਼ੁਬਮਨ ਗਿੱਲ ਨੂੰ ਆਊਟ ਕੀਤਾ।