ਕਪਤਾਨ ਰੋਹਿਤ ਸ਼ਰਮਾ ਦੇ ਰਿਕਾਰਡ ਤੋੜ ਸੈਂਕੜੇ ਦੇ ਦਮ ‘ਤੇ ਭਾਰਤ ਨੇ ਬੁੱਧਵਾਰ ਨੂੰ ਇੱਥੇ ਵਨਡੇ ਵਿਸ਼ਵ ਕੱਪ ਦੇ ਮੈਚ ‘ਚ ਅਫਗਾਨਿਸਤਾਨ ਨੂੰ 90 ਗੇਂਦਾਂ ਬਾਕੀ ਰਹਿੰਦਿਆਂ ਅੱਠ ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਰੋਹਿਤ (131 ਦੌੜਾਂ) ਨੇ ਈਸ਼ਾਨ ਕਿਸ਼ਨ (47) ਨਾਲ ਪਹਿਲੀ ਵਿਕਟ ਲਈ 156 ਦੌੜਾਂ ਅਤੇ ਵਿਰਾਟ ਕੋਹਲੀ (ਅਜੇਤੂ 55) ਨਾਲ ਦੂਜੀ ਵਿਕਟ ਲਈ 49 ਦੌੜਾਂ ਦੀ ਸਾਂਝੇਦਾਰੀ ਕੀਤੀ। ਕੋਹਲੀ ਨੇ ਸ਼੍ਰੇਅਸ ਅਈਅਰ (ਅਜੇਤੂ 25) ਦੇ ਨਾਲ 56 ਗੇਂਦਾਂ ਵਿੱਚ 68 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰਕੇ ਟੀਮ ਨੂੰ ਜਿੱਤ ਦਿਵਾਈ। ਭਾਰਤ ਨੇ ਅਫਗਾਨਿਸਤਾਨ ਨੂੰ ਅੱਠ ਵਿਕਟਾਂ ‘ਤੇ 272 ਦੌੜਾਂ ‘ਤੇ ਰੋਕ ਕੇ ਟੀਚਾ 35 ਓਵਰਾਂ ‘ਚ 2 ਵਿਕਟਾਂ ਦੇ ਨੁਕਸਾਨ ‘ਤੇ ਹਾਸਲ ਕਰ ਲਿਆ। ਇਸ ਜਿੱਤ ਨਾਲ ਭਾਰਤੀ ਟੀਮ ਨੇ ਆਪਣੀ ਨੈੱਟ ਰਨ ਰੇਟ ‘ਚ ਸੁਧਾਰ ਕੀਤਾ ਹੈ ਅਤੇ ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਪਹੁੰਚ ਗਈ ਹੈ।