ਭਾਰਤ ਅਤੇ ਅਮਰੀਕਾ ਵਿਚਕਾਰ ਸ਼ੁੱਕਰਵਾਰ ਨੂੰ ਹੋਣ ਵਾਲੀ 2+2 ਮੰਤਰੀ ਪੱਧਰ ਦੀ ਵਾਰਤਾ ਲਈ ਅਮਰੀਕੀ ਰੱਖਿਆ ਮੰਤਰੀ ਲੌਇਡ ਆਸਟਿਨ ਅੱਜ ਇਥੇ ਪਹੁੰਚ ਗਏ ਹਨ। ਹਵਾਈ ਅੱਡੇ ’ਤੇ ਉਨ੍ਹਾਂ ਦਾ ਸਵਾਗਤ ਭਾਰਤੀ ਹਮਰੁਤਬਾ ਰਾਜਨਾਥ ਸਿੰਘ ਨੇ ਕੀਤਾ। ਇਹ ਵਾਰਤਾ ਭਾਰਤ ਅਤੇ ਅਮਰੀਕਾ ਦੇ ਵਿਦੇਸ਼ ਤੇ ਰੱਖਿਆ ਮੰਤਰੀਆਂ ਵਿਚਕਾਰ ਹੋਵੇਗੀ। ਵਾਰਤਾ ’ਚ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਵੀ ਅਮਰੀਕੀ ਵਫ਼ਦ ਦਾ ਹਿੱਸਾ ਹੋਣਗੇ। ਭਾਰਤ ਵੱਲੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵਾਰਤਾ ’ਚ ਹਿੱਸਾ ਲੈਣਗੇ। ਵਾਰਤਾ ਦੌਰਾਨ ਰਣਨੀਤਕ, ਰੱਖਿਆ ਅਤੇ ਤਕਨਾਲੋਜੀ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤੇ ਜਾਣ ਦੀ ਸੰਭਾਵਨਾ ਹੈ। ਦੋਵੇਂ ਮੁਲਕਾਂ ਵੱਲੋਂ ਇਜ਼ਰਾਈਲ-ਹਮਾਸ ਜੰਗ, ਹਿੰਦ-ਪ੍ਰਸ਼ਾਤ ਖ਼ਿੱਤੇ, ਰੂਸ ਅਤੇ ਯੂਕਰੇਨ ਜੰਗ ਸਮੇਤ ਹੋਰ ਦੁਵੱਲੇ ਮੁੱਦਿਆਂ ’ਤੇ ਵੀ ਵਿਚਾਰ ਵਟਾਂਦਰਾ ਹੋਵੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ‘ਐਕਸ’ ’ਤੇ ਕਿਹਾ,‘‘ਮੇਰੇ ਦੋਸਤ ਅਤੇ ਰੱਖਿਆ ਮੰਤਰੀ ਆਸਟਿਨ ਦਾ ਪਾਲਮ ਹਵਾਈ ਅੱਡੇ ’ਤੇ ਸਵਾਗਤ ਕਰਕੇ ਬਹੁਤ ਖੁਸ਼ੀ ਹੋਈ। ਭਲਕੇ ਮੰਤਰੀ ਪੱਧਰ ਦੀ 2+2 ਵਾਰਤਾ ਅਤੇ ਦੁਵੱਲੀਆਂ ਮੀਟਿੰਗਾਂ ਲਾਹੇਵੰਦ ਰਹਿਣਗੀਆਂ।’’ ਆਸਟਿਨ ਨੂੰ ਹਵਾਈ ਅੱਡੇ ’ਤੇ ਗਾਰਡ ਆਫ਼ ਆਨਰ ਵੀ ਦਿੱਤਾ ਗਿਆ। ਰਾਜਨਾਥ ਸਿੰਘ ਅਤੇ ਜੈਸ਼ੰਕਰ ਆਪਣੇ ਅਮਰੀਕੀ ਹਮਰੁਤਬਾ ਨਾਲ ਵੱਖੋ ਵੱਖਰੀਆਂ ਦੁਵੱਲੀਆਂ ਮੀਟਿੰਗਾਂ ਵੀ ਕਰਨਗੇ। ਰੱਖਿਆ ਮੰਤਰੀ ਆਸਟਿਨ ਜੂਨ ’ਚ ਭਾਰਤ ਦੌਰੇ ’ਤੇ ਆਏ ਸਨ ਅਤੇ ਉਨ੍ਹਾਂ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਸੀ।
ਭਾਰਤੀ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਭਾਰਤ-ਅਮਰੀਕਾ ਭਾਈਵਾਲੀ ’ਚ ਪ੍ਰਗਤੀ ਲਈ ਭਵਿੱਖ ਦਾ ਖਾਕਾ ਤਿਆਰ ਕਰਨ ਬਾਰੇ ਵੀ ਮੰਤਰੀ ਵਿਚਾਰ ਕਰਨਗੇ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕ ਸਮਕਾਲੀ ਖੇਤਰੀ ਮੁੱਦਿਆਂ ਦਾ ਵੀ ਜਾਇਜ਼ਾ ਲੈਣਗੇ ਅਤੇ ਕੁਆਡ ਸਮੇਤ ਹੋਰ ਮੰਚਾਂ ’ਤੇ ਸਹਿਯੋਗ ਨੂੰ ਲੈ ਕੇ ਤਰਜੀਹਾਂ ਵੀ ਸਾਂਝੀਆਂ ਕਰਨਗੇ।
ਉਧਰ ਅਮਰੀਕਾ ਨੇ ਦੋਵੇਂ ਮੁਲਕਾਂ ਦੇ ਵਿਦੇਸ਼ ਅਤੇ ਰੱਖਿਆ ਮੰਤਰੀਆਂ ਦੀ ਅਹਿਮ ਮੀਟਿੰਗ ਤੋਂ ਪਹਿਲਾਂ ਕਿਹਾ ਹੈ ਕਿ ਨਵੀਂ ਦਿੱਲੀ ’ਚ 2+2 ਮੰਤਰੀ ਪੱਧਰ ਦੀ ਵਾਰਤਾ ਦੌਰਾਨ ਭਾਰਤ ਅਤੇ ਅਮਰੀਕਾ ਵਿਚਕਾਰ ਸੁਰੱਖਿਆ ਸਹਿਯੋਗ ਅਤੇ ਭਾਈਵਾਲੀ ਨੂੰ ਹੋਰ ਗੂੜ੍ਹਾ ਕਰਨ ਸਮੇਤ ਹੋਰ ਵਿਸ਼ਿਆਂ ’ਤੇ ਜ਼ੋਰ ਦਿੱਤਾ ਜਾਵੇਗਾ। ਅਮਰੀਕੀ ਵਿਦੇਸ਼ ਵਿਭਾਗ ਦੇ ਉਪ ਤਰਜਮਾਨ ਵੇਦਾਂਤ ਪਟੇਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ,‘‘ਭਾਰਤ ਇਕ ਅਜਿਹਾ ਮੁਲਕ ਹੈ ਜਿਸ ਨਾਲ ਸਾਡੇ ਗੂੜ੍ਹੇ ਸਬੰਧ ਹਨ। ਬਲਿੰਕਨ ਅਤੇ ਰੱਖਿਆ ਮੰਤਰੀ ਆਸਟਿਨ 2+2 ਸੁਰੱਖਿਆ ਵਾਰਤਾ ਲਈ ਭਾਰਤ ਜਾ ਰਹੇ ਹਨ।