ਭਾਰਤੀ ਟੀਮ ਆਸਟਰੇਲੀਆ ਖ਼ਿਲਾਫ਼ ਭਲਕੇ ਮੰਗਲਵਾਰ ਨੂੰ ਇੱਥੇ ਹੋਣ ਵਾਲੇ ਤੀਜੇ ਟੀ20 ਕੌਮਾਂਤਰੀ ਵਿੱਚ ਜਿੱਤ ਨਾਲ ਪੰਜ ਮੈਚਾਂ ਦੀ ਲੜੀ ਵਿੱਚ ਜੇਤੂ ਲੀਡ ਬਣਾਉਣ ਦੇ ਇਰਾਦੇ ਨਾਲ ਉੱਤਰੇਗੀ, ਜਦਕਿ ਆਖ਼ਰੀ ਗਿਆਰਾਂ ਵਿੱਚੋਂ ਬਾਹਰ ਹੋਣ ਦੀ ਸੰਭਾਵਨਾ ਦਰਮਿਆਨ ਬੱਲੇਬਾਜ਼ ਤਿਲਕ ਵਰਮਾ ਛਾਪ ਛੱਡਣ ਦੀ ਕੋਸ਼ਿਸ਼ ਕਰੇਗਾ।
ਵਿਸ਼ਵ ਕੱਪ ਫਾਈਨਲ ਮਗਰੋਂ ਸ਼੍ਰੇਯਸ ਅਈਅਰ ਨੂੰ ਇੱਕ ਹਫ਼ਤੇ ਦਾ ਆਰਾਮ ਦਿੱਤਾ ਗਿਆ ਸੀ ਪਰ ਰਾਏਪੁਰ ਅਤੇ ਬੰਗਲੂਰੂ ਵਿੱਚ ਹੋਣ ਵਾਲੇ ਆਖਰੀ ਦੋ ਮੁਕਾਬਲਿਆਂ ਲਈ ਉਹ ਟੀਮ ਵਿੱਚ ਵਾਪਸੀ ਕਰੇਗਾ ਅਤੇ ਰੁਤੂਰਾਜ ਗਾਇਕਵਾੜ ਦੀ ਥਾਂ ਉਪ ਕਪਤਾਨ ਦੀ ਭੂਮਿਕਾ ਨਿਭਾਵੇਗਾ।
ਇਸ ਦਾ ਮਤਲਬ ਹੈ ਕਿ ਅਈਅਰ ਨੂੰ ਆਖ਼ਰੀ ਗਿਆਰਾਂ ਵਿੱਚ ਜਗ੍ਹਾ ਮਿਲੇਗੀ ਅਤੇ ਪੂਰੀ ਸੰਭਾਵਨਾ ਹੈ ਕਿ ਉਹ ਵਰਮਾ ਦੀ ਜਗ੍ਹਾ ਲਵੇਗਾ। ਸ਼ੁਰੂਆਤੀ ਦੋ ਮੁਕਾਬਲਿਆਂ ਵਿੱਚ ਬੱਲੇਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਮਗਰੋਂ ਨੌਜਵਾਨ ਖਿਡਾਰੀਆਂ ਦੀ ਭਾਰਤੀ ਟੀਮ ਬਾਰਸਾਪਾਰਾ ਸਟੇਡੀਅਮ ਵਿੱਚ ਵੀ ਆਪਣਾ ਦਬਦਬਾ ਬਣਾਉਣਾ ਚਾਹੇਗੀ, ਜਿੱਥੋਂ ਦੀ ਪਿੱਚ ਰਵਾਇਤੀ ਤੌਰ ’ਤੇ ਬੱਲੇਬਾਜ਼ੀ ਦੇ ਅਨੁਕੂਲ ਹੈ। ਇਸ ਮੁਕਾਬਲੇ ਲਈ 40 ਹਜ਼ਾਰ ਦਰਸ਼ਕਾਂ ਦੇ ਸਟੇਡੀਅਮ ਵਿੱਚ ਆਉਣ ਦੀ ਉਮੀਦ ਹੈ। ਭਾਰਤੀ ਬੱਲੇਬਾਜ਼ ਸ਼ੁਰੂਆਤੀ ਦੋ ਮੈਚਾਂ ਵਿੱਚ 36 ਚੌਕੇ ਅਤੇ 24 ਛੱਕੇ ਜੜ੍ਹ ਚੁੱਕੇ ਹਨ। ਸਟੀਵ ਸਮਿਥ, ਗਲੇਨ ਮੈਕਸਵੈੱਲ, ਮਾਰਕਸ ਸਟੋਇਨਿਸ ਅਤੇ ਐਡਮ ਜ਼ੈਂਪਾ ਵਰਗੇ ਆਸਟਰੇਲੀਆ ਦੇ ਕੁੱਝ ਸੀਨੀਅਰ ਖਿਡਾਰੀ ਨੌਂ ਹਫ਼ਤੇ ਦੇ ਵੱਧ ਸਮੇਂ ਤੋਂ ਭਾਰਤ ਵਿੱਚ ਹਨ ਅਤੇ ਹੁਣ ਉਨ੍ਹਾਂ ’ਤੇ ਥਕਾਵਟ ਦਾ ਅਸਰ ਦਿਸਣ ਲੱਗਿਆ ਹੈ। ਇਨ੍ਹਾਂ ਨੂੰ ਅਗਲੀ ਲੜੀ ਤੋਂ ਪਹਿਲਾਂ ਆਰਾਮ ਦੀ ਲੋੜ ਪਵੇਗੀ। ਇਹ ਚਾਰੋਂ ਅਗਲੇ ਮਹੀਨੇ ਬਿਗ ਬੈਸ਼ ਲੀਗ ਵਿੱਚ ਖੇਡਣਗੇ। ਭਾਰਤ ਨੇ ਸ਼ੁਰੂਆਤੀ ਦੋ ਮੈਚਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਇਸ ਦੌਰਾਨ ਯਸ਼ਸਵੀ ਜੈਸਵਾਲ, ਰੁਤੂਰਾਜ ਗਾਇਕਵਾੜ ਅਤੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਨੀਮ ਸੈਂਕੜੇ ਜੜ੍ਹੇ ਹਨ।