ਕ੍ਰਿਕਟ ਵਿਸ਼ਵ ਕੱਪ ਫਾਈਨਲ ਵਿੱਚ ਮਿਲੀ ਹਾਰ ਦੀ ਨਿਰਾਸ਼ਾ ਨੂੰ ਭੁੱਲ ਕੇ ਆਸਟਰੇਲੀਆ ਖ਼ਿਲਾਫ਼ ਵੀਰਵਾਰ ਨੂੰ ਇੱਥੇ ਸ਼ੁਰੂ ਹੋਣ ਵਾਲੀ ਪੰਜ ਮੈਚਾਂ ਦੀ ਟੀ20 ਕੌਮਾਂਤਰੀ ਲੜੀ ਵਿੱਚ ਭਾਰਤ ਦੇ ਨੌਜਵਾਨ ਖਿਡਾਰੀਆਂ ਵਾਲੀ ਟੀਮ ਦੀ ਅਗਵਾਈ ਕਰਨੀ ਹੋਵੇਗੀ। ਵਿਸ਼ਵ ਕੱਪ ਦੀ ਹਾਰ ਤੋਂ ਸਿਰਫ 96 ਘੰਟੇ ਦੇ ਅੰਦਰ ਸੂਰਿਆ ਕੁਮਾਰ ਨੂੰ ਮੁੜ ਆਸਟਰੇਲੀਆ ਖ਼ਿਲਾਫ਼ ਟੀਮ ਦੀ ਅਗਵਾਈ ਕਰਨੀ ਹੈ। ਉਸ ਨੂੰ ਆਤਮ-ਪੜਚੋਲ ਦਾ ਮੌਕਾ ਵੀ ਨਹੀਂ ਮਿਲੇਗਾ ਪਰ ਟੀ20 ਉਸ ਦਾ ਮਨਪਸੰਦ ਸਰੂਪ ਹੈ ਅਤੇ ਉਹ ਇਸ ਵਿੱਚ ਖੇਡਣ ਲਈ ਤਿਆਰ ਹੋਵੇਗਾ। ਟੀਮ ਦੇ ਕਪਤਾਨ ਵਜੋਂ ਉਸ ਦੀ ਜ਼ਿੰਮੇਵਾਰੀ ਸਿਰਫ ਜਿੱਤ ਦਰਜ ਕਰਨ ਦੀ ਨਹੀਂ ਬਲਕਿ ਉਨ੍ਹਾਂ ਖਿਡਾਰੀਆਂ ਦੀ ਪਛਾਣ ਕਰਨ ਦੀ ਵੀ ਹੋਵੇਗੀ ਜਿਹੜੇ ਅਗਲੇ ਸਾਲ ਵੈਸਟਇੰਡੀਜ਼ ਅਤੇ ਅਮਰੀਕਾ ਵਿੱਚ ਹੋਣ ਵਾਲੇ ਆਈਸੀਸੀ ਟੀ20 ਵਿਸ਼ਵ ਕੱਪ ਲਈ ਆਪਣਾ ਦਾਅਵਾ ਪੇਸ਼ ਕਰ ਸਕਦੇ ਹਨ।