ਪਟਿਆਲਾ, 24 ਸਤੰਬਰ:
2012 ਬੈਚ ਦੇ ਸੀਨੀਅਰ ਪੀ.ਸੀ.ਐਸ. ਅਧਿਕਾਰੀ ਈਸ਼ਾ ਸਿੰਗਲ ਨੇ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਆਈ.ਏ.ਐਸ. ਅਧਿਕਾਰੀ ਮੈਡਮ ਕੰਚਨ ਦੀ ਜਗ੍ਹਾ ਇਹ ਅਹੁਦਾ ਸੰਭਾਲਿਆ ਹੈ, ਜਿਨ੍ਹਾਂ ਦੀ ਬਦਲੀ ਚੰਡੀਗੜ੍ਹ ਵਿਖੇ ਹੋ ਗਈ ਹੈ। ਇਸ ਦੌਰਾਨ ਜਿੱਥੇ ਈਸ਼ਾ ਸਿੰਗਲ ਨੂੰ ਉਨ੍ਹਾਂ ਦੇ ਸਟਾਫ਼ ਨੇ ਜੀ ਆਇਆਂ ਆਖਿਆ, ਉਥੇ ਹੀ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਮੈਡਮ ਕੰਚਨ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਨਵੀਂ ਤਾਇਨਾਤੀ ਤੇ ਤਬਾਦਲੇ ਸਰਕਾਰੀ ਨੌਕਰੀ ਦਾ ਹਿੱਸਾ ਹਨ ਪਰੰਤੂ ਕਿਸੇ ਸਟੇਸ਼ਨ ‘ਤੇ ਕੀਤੇ ਕੰਮ ਦੀ ਛਾਪ ਅਧਿਕਾਰੀ ਦੀ ਸਾਰੀ ਨੌਕਰੀ ਦੌਰਾਨ ਬਣੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੇ ਹਿੱਤਾਂ ਤੇ ਲੋਕ ਭਲਾਈ ਲਈ ਕੰਮ ਕਰਨ। ਉਨ੍ਹਾਂ ਨੇ ਮੈਡਮ ਕੰਚਨ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਆਪਣੇ ਛੋਟੇ ਜਿਹੇ ਕਾਰਜਕਾਲ ਦੌਰਾਨ ਪਟਿਆਲਾ ਵਿਖੇ ਆਪਣੀ ਚੰਗੀ ਛਾਪ ਛੱਡੀ ਹੈ।
ਮੈਡਮ ਕੰਚਨ ਨੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਸਮੇਤ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਪਟਿਆਲਾ ਵਿਖੇ ਨਿਭਾਈ ਸੇਵਾ ਉਨ੍ਹਾਂ ਨੂੰ ਸਦਾ ਯਾਦ ਰਹੇਗੀ ਕਿਉਂਕਿ ਉਹ ਗੁਜਰਾਤ ਤੋਂ ਬਦਲਕੇ ਪਹਿਲੀ ਵਾਰ ਪਟਿਆਲਾ ਵਿਖੇ ਬਤੌਰ ਏ.ਡੀ.ਸੀ. ਤਾਇਨਾਤ ਹੋਏ ਸਨ।
ਇਸ ਮੌਕੇ ਤਬਦੀਲ ਹੋਏ ਐਸ.ਡੀ.ਐਮ. ਪਟਿਆਲਾ ਅਰਵਿੰਦ ਕੁਮਾਰ ਨੂੰ ਵੀ ਵਿਦਾ ਕੀਤਾ ਗਿਆ। ਇਸ ਦੌਰਾਨ ਏ.ਡੀ.ਸੀ. ਸ਼ਹਿਰੀ ਵਿਕਾਸ ਨਵਰੀਤ ਕੌਰ ਸੇਖੋਂ, ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼ਵਿੰਦਰ ਸਿੰਘ, ਡੀ.ਡੀ.ਐਫ. ਨਿਧੀ ਮਲਹੋਤਰਾ, ਤਹਿਸੀਲਦਾਰ ਕੁਲਦੀਪ ਸਿੰਘ ਤੇ ਡਿਪਟੀ ਕਮਿਸ਼ਨਰ ਦਫ਼ਤਰ ਦੀਆਂ ਸਾਰੀਆਂ ਬ੍ਰਾਂਚਾਂ ਦੇ ਕਰਮਚਾਰੀ ਮੌਜੂਦ ਸਨ।
ਇਸੇ ਦੌਰਾਨ ਏ.ਡੀ.ਸੀ. ਈਸ਼ਾ ਸਿੰਗਲ ਨੇ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀਆਂ ਤਰਜੀਹਾਂ ਮੁਤਾਬਕ ਜ਼ਿਲ੍ਹੇ ਦੇ ਵਸਨੀਕਾਂ ਨੂੰ ਸਰਕਾਰੀ ਸੇਵਾਵਾਂ ਪਹਿਲ ਦੇ ਅਧਾਰ ‘ਤੇ ਮੁਹੱਈਆ ਕਰਵਾਉਣੀਆਂ ਯਕੀਨੀ ਬਣਾਉਣਗੇ। ਈਸ਼ਾ ਸਿੰਗਲ ਨੇ ਕਿਹਾ ਕਿ ਲੋਕਾਂ ਨੂੰ ਸਰਕਾਰੀ ਸੇਵਾਵਾਂ ਪ੍ਰਦਾਨ ਕਰਨ ਸਮੇਂ ਕੋਈ ਸਮੱਸਿਆ ਨਾ ਆਉਣ ਦੇਣਾ ਵੀ ਉਨ੍ਹਾਂ ਦੀ ਤਰਜੀਹ ਹੋਵੇਗੀ।